ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁਕੀ ਸੌਂਹ

By November 20, 2015 0 Comments


nitishਪਟਨਾ: ਪਟਨਾ ਦੇ ਗਾਂਧੀ ਮੈਦਾਨ ਵਿੱਚ ਹਜਾਰਾਂ ਸਮਰਥਕਾਂ ਦੇ ਸਾਹਮਣੇ ਅੱਜ ਨਿਤਿਸ਼ ਕੁਮਾਰ ਵੱਲੋਂ ਪੰਜਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕੀ ਗਈ।ਇਸ ਵਾਰ ਲਗਾਤਾਰ ਤੀਜੀ ਵਾਰ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ।

2000 ਤੋਂ ਵੱਧ ਸੁਰੱਖਿਆ ਕਰਮੀਆਂ ਦੀ ਨਿਗਰਾਨੀ ਵਿੱਚ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਏ ਇਸ ਸਮਾਗਮ ਵਿੱਚ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਵਿੰਦ ਵੱਲੋਂ ਨਿਤਿਸ਼ ਕੁਮਾਰ ਅਤੇ ਉਨ੍ਹਾਂ ਦੇ ਨਾਲ ਮੰਤਰੀ ਮੰਡਲ ਵਿੱਚ ਸ਼ਾਮਿਲ ਸਾਥੀਆਂ ਨੂੰ ਸੌਂਹ ਚੁਕਵਾਈ ਗਈ।

ਨਿਤਿਸ਼ ਕੁਮਾਰ ਦੇ ਨਾਲ ਸੌਂਹ ਚੁੱਕਣ ਵਾਲਿਆਂ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੇ ਦੋ ਪੁੱਤਰ, ਤੇਜਸ਼ਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਵੀ ਸ਼ਾਮਿਲ ਸਨ।ਲਾਲੂ ਪ੍ਰਸ਼ਾਦ ਯਾਦਵ ਦੇ ਸਭ ਤੋਂ ਛੋਟੇ ਪੁੱਤਰ ਤੇਜਸ਼ਵੀ ਯਾਦਵ ਬਿਹਾਰ ਦੇ ਉੱਪ ਮੁੱਖ ਮੰਤਰੀ ਹੋ ਸਕਦੇ ਹਨ।

ਇਸ ਸੌਂਹ ਚੁੱਕ ਸਮਾਗਮ ਵਿੱਚ ਭਾਰਤ ਦੇ ਵੱਖ ਵੱਖ ਹਿਸਿਆਂ ਵਿਚੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।ਸਮਾਗਮ ਵਿੱਚ ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਨਹੀਂ ਹੋਏ ਪਰ ਕੇਂਦਰੀ ਮੰਤਰੀ ਵੈਣਕਯਾ ਨਾਇਡੂ ਸ਼ਾਮਿਲ ਹੋਏ।ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ, ਭਾਜਪਾ ਦੇ ਆਗੂ ਸੁਸ਼ੀਲ ਮੋਦੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੂਲਾ ਅਤੇ ਓਮਰ ਅਬਦੂਲਾ ਵੀ ਇਸ ਸੌਂਹ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ।

Posted in: ਰਾਸ਼ਟਰੀ