ਸ਼੍ਰੋਮਣੀ ਕਮੇਟੀ ਮੈਂਬਰ ’ਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ

By November 20, 2015 0 Comments


ਤਰਨ ਤਾਰਨ, 20 ਨਵੰਬਰ:ਪਿੰਡ ਬਾਠ ਵਿੱਚ ਪਿਛਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ੳੁਥੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਲਵਿੰਦਰ ਪਾਲ ਸਿੰਘ ਪੱਖੋਕੇ ’ਤੇ ਹਮਲਾ ਕਰਨ ਅਤੇ ਦਸਤਾਰ ਉਤਾਰ ਕੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੇ ਦੋਸ਼ ਹੇਠ ਪੁਲੀਸ ਨੇ ਦਫ਼ਾ 295, 307, 341,148, 149, 506 ਤਹਿਤ ਕੇਸ ਦਰਜ ਕੀਤਾ ਹੈ|

ੳੁਸ ਵੇਲੇ ਸ੍ਰੀ ਪੱਖੋਕੇ ਦੇ ਸਾਥੀ ਵੀ ਜ਼ਖ਼ਮੀ ਹੋ ਗਏ ਸਨ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਸਬੰਧੀ ਪੁਲੀਸ ਨੇ ਪਿੰਡ ਸ਼ੇਰੋਂ ਦੇ ਲੱਖਾ ਸਿੰਘ, ਝਬਾਲ ਵਾਸੀ ਬਲਜਿੰਦਰ ਸਿੰਘ ਪਿੰਦੂ ਅਤੇ ਹੋਰ ਦਸ ਜਣਿਆਂ ਨੂੰ ਨਾਮਜ਼ਦ ਕੀਤਾ ਹੈ| ਇਸ ਮਾਮਲੇ ਵਿੱਚ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਨੂੰ ਸ਼ਿਕਾਇਤਕਰਤਾ ਬਣਾਇਆ ਗਿਆ ਹੈ|

ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਮੋਹਤਬਰਾਂ ਵੱਲੋਂ ਰਾਜ਼ੀਨਾਵਾਂ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਹੜੀਆਂ ਸਿਰੇ ਨਾ ਲੱਗ ਸਕੀਆਂ| ਪਿੰਡ ਬਾਠ ਵਿੱਚ 16 ਅਕਤੂਬਰ ਨੂੰ ਦੁਪਹਿਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗੲੀ ਸੀ, ਜਿਸ ਖ਼ਿਲਾਫ਼ ਲੋਕਾਂ ਨੇ ਰੋਸ ਜ਼ਾਹਰ ਕੀਤਾ ਸੀ| ੳੁਸ ਵੇਲੇ ਜਦੋਂ ਸ੍ਰੀ ਪੱਖੋਕੇ ਅਤੇ ਉਨ੍ਹਾਂ ਦੇ ਸਾਥੀ ਰੋਸ ਜ਼ਾਹਰ ਕਰਨ ਪੁੱਜੇ ਸਨ ਤਾਂ ਭੜਕੇ ਹੋਏ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ| ਅਮਰੀਕ ਸਿੰਘ ਨੇ ਦੋਸ਼ ਲਾਇਆ ਕਿ ਹਮਲਾਵਰ ਲੱਖਾ ਸਿੰਘ ਅਤੇ ਬਲਜਿੰਦਰ ਸਿੰਘ ਕੋਲ ਕਿਰਪਾਨਾਂ ਸਨ ਜਦਕਿ ਉਨ੍ਹਾਂ ਦੇ ਹੋਰਨਾਂ ਸਾਥੀਆਂ ਕੋਲ ਵੀ ਹਥਿਆਰ ਸਨ|

Posted in: ਪੰਜਾਬ