ਸਰਬੱਤ ਖਾਲਸਾ ’ਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਖਿਲਾਫ ਹੋਵੇਗੀ ਕਾਰਵਾਈ

By November 20, 2015 0 Comments


ਅੰਮ੍ਰਿਤਸਰ(20 ਨਵੰਬਰ, 2015): 10 ਨਵੰਬਰ 2015 ਨੂੰ ਕੁਝ ਪੰਥਕ ਜੱਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦਾ ਕਮੇਟੀ ਪ੍ਰਧਾਨ ਨੇ ਮਨ ਬਣਾਇਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ 11 ਨਵੰਬਰ ਨੂੰ ਬੰਦੀ ਛੋੜ ਦਿਵਸ ਮੌਕੇ ਭਾਈ ਧਿਆਨ ਸਿਮਘ ਮੰਡ ਵੱਲੋਂ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਬੋਧਨ ਕਰਨ ਦੀ ਘਟਨਾ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਰਬੱਤ ਖਾਲਸਾ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਕਮੇਟੀ ਦੇ ਸਮੂਹ ਕਰਮਚਾਰੀ ਵੀ ਜਾਂਚ ਦੇ ਘੇਰੇ ਹੇਠ ਆਉਣਗੇ।

ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਕੀਤਾ ਗਿਆ ਹੈ। ੳੁਹ ਅੱਜ ਇਥੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ ਵਿਖੇ ਓਰਲ ਐਂਡ ਮੈਗਜ਼ੀਲੋਫੇਸ਼ੀਅਲ ਸਰਜਨਾਂ ਦੀ 3 ਰੋਜ਼ਾ ਕਾਨਫਰੰਸ ਦਾ ਉਦਘਾਟਨ ਕਰਨ ਲਈ ਆਏ ਸਨ।

ੳੁਨ੍ਹਾਂ ਪੁਸ਼ਟੀ ਕੀਤੀ ਹੈ ਕਿ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀ ਜਾਂਚ ਦੇ ਘੇਰੇ ਵਿੱਚ ਆਉਣਗੇ। ਉਨ੍ਹਾਂ ਇਸ ਜਾਂਚ ਬਾਰੇ ਹੋਰ ਕੁਝ ਕਹਿਣ ਤੋਂ ਇਨਕਾਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਬੀਮਾਰ ਹਨ ਅਤੇ ਜਾਂਚ ਕਮੇਟੀ ਦਾ ਇਕ ਮੈਂਬਰ ਵੀ ਬੀਮਾਰ ਹੈ, ਜਿਸ ਕਾਰਨ ਹੁਣ ਤੱਕ ਜਾਂਚ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਗਈ ਹੈ। ਇਸ ਜਾਂਚ ਕਮੇਟੀ ਨੂੰ ਆਪਣੀ ਰਿਪੋਰਟ 15 ਦਿਨਾਂ ਵਿੱਚ ਸੌਂਪਣ ਦੀ ਹਦਾਇਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਾਨਫਰੰਸ ਦਾ ਅਾਰੰਭ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ।

Posted in: ਪੰਜਾਬ