ਭਾਈ ਧਿਆਨ ਸਿੰਘ ਮੰਡ ਵੱਲੋਂ 23 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ- ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ਤੇ

By November 20, 2015 0 Comments


mandਅੰਮ੍ਰਿਤਸਰ, 20 ਨਵੰਬਰ:ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਅੱਜ ਅਦਾਲਤ ਵਲੋਂ ਤਿੰਨ ਦਿਨ ਦਾ ਪੁਲੀਸ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ। ਇਸੇ ਦੌਰਾਨ ਭਾਈ ਮੰਡ ਨੇ ਸਿੱਖ ਆਗੂਆਂ ’ਤੇ ਹੋ ਰਹੀ ਪੁਲੀਸ ਵਧੀਕੀ ਖਿਲਾਫ਼ 23 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਅੱਜ ਉਨ੍ਹਾਂ ਨੂੰ ਚਾਟੀਵਿੰਡ ਥਾਣੇ ਦੀ ਪੁਲੀਸ ਵਲੋਂ ਦੇਸ਼ ਧਰੋਹ ਮਾਮਲੇ ਵਿਚ ਇਕ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਮੁੜ ਜੇਐਮਆਈਸੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਪੁਲੀਸ ਵਲੋਂ 14 ਦਿਨਾਂ ਦਾ ਹੋਰ ਪੁਲੀਸ ਰਿਮਾਂਡ ਮੰਗਿਆ ਗਿਆ ਸੀ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਭਾਈ ਮੰਡ ਕੋਲੋਂ ਇਕ ਪਾਕਿਸਤਾਨੀ ਸਿਮ ਪ੍ਰਾਪਤ ਕਰਨਾ ਚਾਹੁੰਦੀ ਹੈ ਅਤੇ ਖਾਲਿਸਤਾਨ ਸਬੰਧੀ ਬਣਾਏ ਇਸ਼ਤਿਹਾਰਾਂ ਬਾਰੇ ਪਤਾ ਲਾਉਣਾ ਚਾਹੁੰਦੀ ਹੈ। ਅਦਾਲਤ ਵਲੋਂ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਕੀਲ ਕਰਮਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਭਾਈ ਮੰਡ ਦੀ ਤਰਫੋਂ ਅਦਾਲਤ ਵਿੱਚ ਪੁਲੀਸ ਦੀਆਂ ਦਲੀਲਾਂ ਨੂੰ ਰੱਦ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਅਦਾਲਤ ਨੂੰ ਆਖਿਆ ਕਿ ਪੁਲੀਸ ਵਲੋਂ ਬੇਲੋੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਭਾਈ ਮੰਡ ਵਲੋਂ ਕਿਸੇ ਨੂੰ ਪਾਕਿਸਤਾਨ ਵਿਚ ਫੋਨ ਕੀਤਾ ਗਿਆ ਸੀ ਤਾਂ ਖ਼ੁਫੀਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਮਿਲੀ। ਇਸੇ ਤਰ੍ਹਾਂ ਖਾਲਿਸਤਾਨ ਸਬੰਧੀ ਇਨ੍ਹਾਂ ਪੋਸਟਰਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਅਜਿਹੇ ਪੋਸਟਰ ਸਰਬੱਤ ਖਾਲਸਾ ਸਮਾਗਮ ਵਿਚ ਵੰਡੇ ਜਾਂ ਲਾਏ ਗਏ ਸਨ। ਇਸੇ ਦੌਰਾਨ ਪੁਲੀਸ ਵਲੋਂ ਬੰਦੀ ਛੋੜ ਦਿਵਸ ਸਮਾਗਮ ਮੌਕੇ ਵਾਪਰੀ ਘਟਨਾ ਸਬੰਧੀ ਇਕ ਹੋਰ ਸਿੱਖ ਵਿਅਕਤੀ ਜਗਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕੀਤਾ ਹੈ, ਜਿਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੌਰਾਨ ਜੇਲ੍ਹ ਭੇਜਿਆ ਗਿਆ ਹੈ।