ਮਲੂਕਾ ਦੀ ਯੂਥ ਬ੍ਰਿਗੇਡ ਵੱਲੋਂ ਬਜ਼ੁਰਗ ਦੀ ਕੁੱਟਮਾਰ – ਬਜ਼ੁਰਗ ਜਰਨੈਲ ਸਿੰਘ ਹਸਪਤਾਲ ਵਿਚ ਦਾਖਲ

By November 20, 2015 0 Comments


jarnailਬਠਿੰਡਾ, (20 ਨਵੰਬਰ,ਚਰਨਜੀਤ ਭੁੱਲਰ):ਹਲਕਾ ਰਾਮਪੁਰਾ ਫੂਲ ਦੇ ਪਿੰਡ ਹਮੀਰਗੜ੍ਹ ਵਿੱਚ ਅੱਜ ਅੰਮ੍ਰਿਤਧਾਰੀ ਬਜ਼ੁਰਗ ਜਰਨੈਲ ਸਿੰਘ ਉਰਫ ਜੈਲਾ ਨੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਮਲੂਕਾ ਮੌਕਾ ਸੰਭਾਲ ਗਏ ਅਤੇ ਮੌਕੇ ’ਤੇ ਹਾਜ਼ਰ ਯੂਥ ਬ੍ਰਿਗੇਡ ਨੇ ਬਜ਼ੁਰਗ ਨੂੰ ਕਾਬੂ ਕਰ ਕੇ ੳੁਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਬਾਅਦ ’ਚ ਪੁਲੀਸ ਨੇ ਬਜ਼ੁਰਗ ਨੂੰ ਬਚਾ ਕੇ ਆਪਣੀ ਹਿਰਾਸਤ ਵਿੱਚ ਲਿਆ ਅਤੇ ਭਗਤਾ ਦੇ ਹਸਪਤਾਲ ’ਚ ਦਾਖ਼ਲ ਕਰਾਇਆ। ਡਾਕਟਰਾਂ ਨੇ ਬਜ਼ੁਰਗ ਦੀ ਗੰਭੀਰ ਹਾਲਤ ਨੂੰ ਦੇਖਦਿਅਾਂ ੳੁਸ ਨੂੰ ਫਰੀਦਕੋਟ ਮੈਡੀਕਲ ਕਾਲਜ ਲੲੀ ਰੈਫਰ ਕਰ ਦਿੱਤਾ।
ਹਮੀਰਗੜ੍ਹ ਦੇ ਸਾਬਕਾ ਸਰਪੰਚ ਨਾਇਬ ਸਿੰਘ ਨੇ ਕਿਹਾ ਕਿ ਸ੍ਰੀ ਮਲੂਕਾ ਜਦੋਂ ਸ਼ਾਮ ਨੂੰ ਕਾਰ ’ਚੋਂ ਉਤਰ ਕੇ ਪੰਡਾਲ ਵੱਲ ਵੱਧਣ ਲੱਗੇ ਤਾਂ ਜਰਨੈਲ ਸਿੰਘ ਨੇ ੳੁਨ੍ਹਾਂ ਦੀ ਪੱਗ ਵੱਲ ਹੱਥ ਵਧਾਇਆ ਪ੍ਰੰਤੂ ਮੌਕੇ ’ਤੇ ਯੂਥ ਬ੍ਰਿਗੇਡ ਦੇ ਮੈਂਬਰਾਂ ਨੇ ਬਜ਼ੁਰਗ ਨੂੰ ਕਾਬੂ ਕਰ ਲਿਆ।
ਪਤਾ ਲੱਗਾ ਹੈ ਕਿ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ੳੁਸ ਮਗਰੋਂ ਵਾਪਰੀਆਂ ਘਟਨਾਵਾਂ ਕਾਰਨ ਰੋਹ ਵਿੱਚ ਸੀ। ਵੇਰਵਿਆਂ ਅਨੁਸਾਰ 60 ਵਰ੍ਹਿਆਂ ਦਾ ਜਰਨੈਲ ਸਿੰਘ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗਡ਼ ਦਾ ਹਮਾਇਤੀ ਹੈ। ਉਹ ਅਕਾਲੀ ਦਲ (ਅੰਮ੍ਰਿਤਸਰ) ਨਾਲ ਵੀ ਜੁੜਿਆ ਰਿਹਾ। ਪਿੰਡ ਵਾਲਿਆਂ ਮੁਤਾਬਕ ਉਹ ਕੋਟਕਪੂਰਾ ਦੇ ਧਰਨੇ ਅਤੇ ਮਗਰੋਂ ਸਰਬੱਤ ਖ਼ਾਲਸਾ ਵਿੱਚ ਵੀ ਸ਼ਾਮਲ ਹੋਇਆ ਸੀ।
ਘਟਨਾ ਮਗਰੋਂ ਜਰਨੈਲ ਸਿੰਘ ਦੇ ਦੋ ਲੜਕੇ ਸੁਖਮੰਦਰ ਸਿੰਘ, ਗੁਰਚੇਤਨ ਸਿੰਘ ਤੇ ਪਤਨੀ ਮਨਜੀਤ ਕੌਰ ਪੁਲੀਸ ਦੇ ਡਰੋਂ ਘਰੋਂ ਚਲੇ ਗਏ ਹਨ। ਗੁਰੂ ਘਰ ਦੇ ਮੈਂਬਰ ਜਰਨੈਲ ਸਿੰਘ ਨੇ ਸ੍ਰੀ ਮਲੂਕਾ ਦੇ ਪਿੰਡ ’ਚ ਆਉਣ ਦੀ ਮੁਨਿਆਦੀ ਵੀ ਕੀਤੀ ਸੀ।
ਬਠਿੰਡਾ ਦੇ ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਜਰਨੈਲ ਸਿੰਘ ਨੇ ਸ੍ਰੀ ਮਲੂਕਾ ਨੂੰ ਇਕੱਠ ਵਿੱਚ ਪਿੱਛੋਂ ਧੱਕਾ ਮਾਰਿਆ ਜਿਸ ਕਰ ਕੇ ਉਹ ਉਖੜ ਗਏ ਸਨ ਪ੍ਰੰਤੂ ਪੱਗ ਨੂੰ ਹੱਥ ਪਾੳੁਣ ਵਾਲੀ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਪੁਲੀਸ ੳੁਸ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰ ਰਹੀ ਹੈ।

10

ਜਰਨੈਲ ਸਿੰਘ ਮਾਨਸਿਕ ਤੌਰ ’ਤੇ ਠੀਕ ਨਹੀਂ: ਮਲੂਕਾ

ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸੀ ਵਿਅਕਤੀ ਨੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਸ ਦੇ ਅੱਗੇ ਵੱਧਣ ਤੋਂ ਪਹਿਲਾਂ ਹੀ ਸੁਰੱਖਿਆ ਗਾਰਦਾਂ ਨੇ ਉਸ ਨੂੰ ਫੜ ਲਿਆ ਸੀ। ਉਨ੍ਹਾਂ ਆਖਿਆ ਕਿ ਪਤਾ ਲੱਗਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਫੈਲਾਈਆਂ ਅਫ਼ਵਾਹਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ।
Source Punjabi Tribune