ਰਾਜੀਵ ਗਾਂਧੀ ਦੀ ‘ਜਬ ਬੜਾ ਪੇੜ ਗਿਰਤਾ ਹੈ…’ ਵਾਲੀ ਵੀਡੀਓ ਜਾਰੀ

By November 20, 2015 0 Comments


ਨਵੀਂ ਦਿੱਲੀ – ਸੀਨੀਅਰ ਅਡੈਵੋਕੇਟ ਐਚ.ਐਸ. ਫੂਲਕਾ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਸ: ਆਰ.ਪੀ. ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ 1984 ਸਿੱਖ ਕਤਲੇਆਮ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਖਿਲਾਫ ਨਵਾਂ ਮੋਰਚਾ ਖੋਲਦੇ ਹੋਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ ਸਨਮਾਨ’ ਵਾਪਸ ਲੈਣ ਦੀ ਮੰਗ ਕੀਤੀ ਹੈ | ਪ੍ਰੈਸ ਕਾਨਫਰੰਸ ਦੌਰਾਨ ਰਾਜੀਵ ਗਾਂਧੀ ਦਾ 31 ਸਾਲ ਪਹਿਲਾਂ ਦਾ ਉਹ ਵੀਡੀਓ ਵੀ ਪਹਿਲੀ ਵਾਰ ਜਨਤਕ ਕੀਤਾ ਗਿਆ ਜਿਸ ਵਿਚ ਉਹ ਬੋਟ ਕਲੱਬ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ’ |

ਫੂਲਕਾ ਤੇ ਆਰ.ਪੀ. ਸਿੰਘ ਨੇ ਸਵਾਲ ਉਠਾਇਆ ਕਿ ਉਸ ਵਿਅਕਤੀ (ਰਾਜੀਵ ਗਾਂਧੀ) ਨੂੰ ਭਾਰਤ ਰਤਨ ਸਨਮਾਨ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ ਜਿਹੜਾ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਕਰਨ ਦੀ ਕਾਰਵਾਈ ਨੂੰ ਸਹੀ ਠਹਿਰਾ ਰਿਹਾ ਹੋਵੇ? ਇਹੀ ਨਹੀਂ ਜਿਹੜੇ ਕਾਂਗਰਸੀ ਆਗੂਆਂ (ਟਾਈਟਲਰ ਤੇ ਸੱਜਣ ਕੁਮਾਰ) ਨੂੰ ਸਿੱਖ ਕਤਲੇਆਮ ਲਈ ਪ੍ਰਮੁੱਖ ਤੌਰ ‘ਤੇ ਦੋਸ਼ੀ ਮੰਨਿਆ ਗਿਆ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਵਜੀਰੀਆਂ ਤੇ ਅਹੁਦੇਦਾਰੀਆਂ ਦੇ ਕੇ ਸਨਮਾਨਿਤ ਕੀਤਾ | ਉਕਤ ਆਗੂਆਂ ਨੇ ਕਿਹਾ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਬਾਵਜੂਦ ਤਤਕਾਲੀ ਰਾਜੀਵ ਸਰਕਾਰ ਦੇ ਮੱਥੇ ‘ਤੇ ਕੋਈ ਸ਼ਿਕਨ ਨਹੀਂ ਸੀ, ਇਸੇ ਕਾਰਨ ਹੀ ਸਰਕਾਰ ਨੇ ਕਤਲ ਹੋਏ ਸਿੱਖਾਂ ਦੀ ਗਿਣਤੀ ਕਰਨ ਬਾਰੇ ਵੀ ਕੋਈ ਚਿੰਤਾ ਨਹੀਂ ਕੀਤੀ ਬਲਕਿ ਗ੍ਰਹਿ ਮੰਤਰੀ ਨੇ 14 ਨਵੰਬਰ 1984 ਨੂੰ ਸੰਸਦ ਵਿਚ ਬਿਆਨ ਦਿੱਤਾ ਕਿ ਦੇਸ਼ ਭਰ ਵਿਚ ਸਿਰਫ 650 ਸਿੱਖਾਂ ਦਾ ਕਤਲ ਹੋਇਆ ਹੈ | ਇਸ ਤੋਂ ਬਾਅਦ ਜਦੋਂ 17 ਨਵੰਬਰ ਨੂੰ ਅਟਲ ਬਿਹਾਰੀ ਵਾਜਪਈ ਨੇ ਸਿਰਫ ਦਿੱਲੀ ਵਿਚ ਹੀ ਮਾਰੇ ਗਏ 2800 ਸਿੱਖਾਂ ਦੀ ਸੂਚੀ ਜਾਰੀ ਕੀਤੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਦੱਸਿਆ |

ਉਕਤ ਆਗੂਆਂ ਨੇ ਕਿਹਾ ਕਿ ਰਾਜੀਵ ਸਰਕਾਰ ਨੂੰ ਦਿੱਲੀ ਵਿਚ ਮਾਰੇ ਗਏ ਸਿੱਖਾਂ ਦੀ ਗਿਣਤੀ 2736 ਦੱਸਣ ਵਿਚ ਤਿੰਨ ਵਰ੍ਹੇ ਲੱਗ ਗਏ | ਇਸ ਕਾਨਫਰੰਸ ਦੌਰਾਨ ਮੌਜੂਦ ’84 ਦੇ ਪੀੜਤ ਐਡਵੋਕੇਟ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ 31 ਵਰ੍ਹੇ ਪਹਿਲਾਂ ਧਰਤੀ ਦੇ ਹਿੱਲਣ ਦਾ ਪ੍ਰਭਾਵ ਉਹ ਅੱਜ ਵੀ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦਾ ਬੇਟਾ ਆਪਣੇ ਫੌਜੀ ਨਾਨੇ ਬਾਰੇ ਇਹ ਪੁੱਛਦਾ ਹੈ, ਕੀ ਫੌਜੀ ਨਾਨਾ ਜੀ ਨੂੰ ਕੀ ਪਾਕਿਸਾਤਨ ਦੇ ਫੌਜੀਆਂ ਨੇ ਮਾਰਿਆ ਸੀ? ਇਸ ਕਤਲੇਆਮ ਦੌਰਾਨ ਤਜਿੰਦਰ ਸਿੰਘ ਦੇ 2 ਪਰਿਵਾਰਕ ਮੈਂਬਰ ਮਾਰੇ ਗਏ ਸਨ | ਇਸ ਕਾਨਫਰੰਸ ਦੌਰਾਨ ਫੂਲਕਾ ਨੇ ਐਲਾਨ ਕੀਤਾ ਕਿ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਛੇਤੀ ਹੀ ਆਲ ਪਾਰਟੀ ਗਰੁੱਪ ਬਣਾਇਆ ਜਾਵੇਗਾ ਜਿਸ ਦਾ ਮਕਸਦ 1984 ਕਤਲੇਆਮ ਦੇ ਇਨਸਾਫ ਲਈ ਇਕਜੁਟਤਾ ਨਾਲ ਸੰਘਰਸ਼ ਕਰਨਾ ਹੋਵੇਗਾ | ਇਸ ਗਰੁੱਪ ਵਿਚ ਪਾਰਟੀ ਪੱਧਰ ਤੋਂ ਉਪਰ ਉਠ ਕੇ ਕੋਈ ਵੀ ਸ਼ਾਮਿਲ ਹੋ ਸਕਦਾ ਹੈ |