ਸੋਸ਼ਲ ਮੀਡੀਆ ਸਬੰਧੀ ਵੀ ਸਰਕਾਰ ਸਖ਼ਤ ਹੋਵੇਗੀ-ਸੁਖਬੀਰ

By November 20, 2015 0 Comments


ਚੰਡੀਗੜ੍ਹ,20 ਨਵੰਬਰ -ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਵੱਲੋਂ ਹਿੰਸਾ ਭੜਕਾਉਣ ਤੇ ਸੂਬੇ ਦੀ ਸ਼ਾਂਤੀ ਖਰਾਬ ਕਰਨ ਵਾਲੀਆਂ ਕਾਰਵਾਈਆਂ ਨਾਲ ਰਾਜ ਸਰਕਾਰ ਵੱਲੋਂ ਸਖ਼ਤੀ ਨਾਲ ਨਿਪਟਿਆ ਜਾਵੇਗਾ ਜਿਸ ਸਬੰਧੀ ਕਾਰਵਾਈ ਜਾਰੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬਰਗਾੜੀ ਘਟਨਾ ਸਬੰਧੀ ਜਾਂਚ ਦਾ ਕੰਮ ਸੀ.ਬੀ.ਆਈ. ਨੂੰ ਦੇਣ ਦਾ ਫੈਸਲਾ ਵੀ ਇਸੇ ਲਈ ਲਿਆ ਗਿਆ, ਕਿਉਂਕਿ ਇਸ ਘਟਨਾ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਸਨ |

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡ ਚੱਬਾ ਵਿਖੇ 10 ਨਵੰਬਰ ਨੂੰ ਹੋਏ ਸਰਬੱਤ ਖਾਲਸੇ ਦੇ ਇਕੱਠ ਵਿਚ
ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਤੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦੇ ਸਬੂਤ ਵੀ ਮਿਲੇ ਹਨ | ਉਨ੍ਹਾਂ ਕਿਹਾ ਕਿ ਗਰਮ ਖਿਆਲੀ ਤੱਤਾਂ ਵੱਲੋਂ ਕੀਤੇ ਗਏ ਉਕਤ ਇਕੱਠ ਤੇ ਉਸ ਵਿਚ ਪਾਸ ਕੀਤੇ ਗਏ ਮਤਿਆਂ ਵਿਚ ਕਾਂਗਰਸ ਦੀ ਭੂਮਿਕਾ ਦੇ ਸਬੂਤ ਮਿਲਣ ਤੋਂ ਬਾਅਦ ਕਾਂਗਰਸ ਨੂੰ ਦੇਸ਼ ਵਿਰੋਧੀ ਪਾਰਟੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ |

ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਪੰਜਾਬ ਦਾ ਅਕਸ ਤੇ ਮਾਹੌਲ ਵਿਗਾੜਨ ਵਿਚ ਪੂਰੇ ਜ਼ੋਰ ਨਾਲ ਲੱਗੇ ਹੋਏ ਹਨ ਅਤੇ ਸਰਕਾਰ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਪੇਸ਼ ਆਵੇਗੀ | ਉਪ ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਕਿ ਕਿਸਾਨਾਂ ਨੂੰ ਮੁਆਵਜ਼ੇ ਸਬੰਧੀ ਦਿੱਤੇ ਗਏ ਚੈੱਕ ਬੈਂਕਾਂ ਵਿਚੋਂ ਕੈਸ਼ ਨਹੀਂ ਹੋ ਰਹੇ ਤੇ ਉਹ ਇਸ ਸਬੰਧੀ ਪਤਾ ਲਗਾਉਣਗੇ | ਕਾਂਗਰਸ ਦੇ ਵਿਧਾਨਕਾਰ ਰਮਨਜੀਤ ਸਿੰਘ ਸਿੱਕੀ ਜਿਨ੍ਹਾਂ ਦਾ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਮੈਂਬਰੀ ਅਸਤੀਫਾ ਸਪੀਕਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਦੁਬਾਰਾ ਚੋਣ ਲੜਨ ਦਾ ਵੀ ਐਲਾਨ ਕੀਤਾ ਗਿਆ ਹੈ ‘ਤੇ ਟਿਪਣੀ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੇ ਦੋਹਰੇ ਮਾਪਦੰਡ ਸਪੱਸ਼ਟ ਹੁੰਦੇ ਹਨ |