ਭਗਵੰਤ ਮਾਨ ਦਾ ਮਨਜਿੰਦਰ ਸਿਰਸੇ ਨੂੰ ਜਵਾਬ

By November 18, 2015 0 Comments


ਭਗਵੰਤ ਮਾਨ ਦਾ ਨਿਊਜ਼ੀਲੈਂਡ ਪੁੱਜਣ ‘ਤੇ ਮਾਓਰੀ ਪਰੰਪਰਾ ਅਨੁਸਾਰ ‘ਹਾਕਾ’ ਕਰਕੇ ਨਿੱਘਾ ਸਵਾਗਤ
ਪ੍ਰਬੰਧਕਾਂ ਨੇ ਕੀਤਾ ਸੀ ਵਿਸ਼ੇਸ਼ ਟੀਮ ਦਾ ਪ੍ਰਬੰਧ
-ਸੰਖੇਪ ਮਿਲਣੀ ਦੇ ਵਿਚ ਖਿੱਚਿਆ ਮੌਜੂਦਾ ਪੰਜਾਬ ਦਾ ਵਿਗੜਦਾ ਨਕਸ਼ਾ
bhagwant
ਆਕਲੈਂਡ-18 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ, ਪੰਜਾਬ ਦੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਹਮੇਸ਼ਾਂ ਸਮਾਜਿਕ ਕੁਰੀਤੀਆਂ ਉਤੇ ਚੋਟ ਕਰਨ ਦੇ ਲਈ ਮਸ਼ਹੂਰ ਰਹੇ ਭਗਵੰਤ ਮਾਨ ਅੱਜ ਸ਼ਾਮ 5.30 ਵਜੇ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਇਥੇ ਉਨ੍ਹਾਂ ਦੇ ਦੋ ਸ਼ੋਅ ਈਵੈਂਟ ਪ੍ਰੋਮੋਟਰ ਅਤੇ ਮੀਡੀਆ ਗੰਨ ਦੇ ਸ. ਖੜਗ ਸਿੰਘ, ਸ੍ਰੀ ਰਾਜੀਵ ਬਾਜਵਾ ਅਤੇ ਸ. ਹਰਪਾਲ ਸਿੰਘ ਪਾਲ ਵੱਲੋਂ ਕਰਵਾਏ ਜਾ ਰਹੇ ਹਨ। ਪਹਿਲਾ ਸ਼ੋਅ ਹਮਿਲਟਨ ਸ਼ਹਿਰ ਵਿਖੇ 20 ਨਵੰਬਰ ਦਾ ਹੈ ਅਤੇ ਦੂਜਾ ਵੱਡਾ ਸ਼ੋਅ 21 ਨਵੰਬਰ ਨੂੰ ਆਕਲੈਂਡ ਵਿਖੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਹੈ। ਅੱਜ ਜਿਵੇਂ ਹੀ ਭਗਵੰਤ ਮਾਨ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ‘ਅਰਾਈਵਲ’ ਗੇਟ ਰਾਹੀਂ ਬਾਹਰ ਨਿਕਲੇ ਤਾਂ ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ ਉਥੇ ਵਿਸ਼ੇਸ਼ ਤੌਰ ‘ਤੇ ਬੁਲਾਈ ਗਈ ਹਾਕਾ ਟੀਮ ਨੇ ਮਾਓਰੀ ਪ੍ਰਪੰਰਾ ਅਨੁਸਾਰ ਉਨ੍ਹਾਂ ਦਾ ਹਾਕਾ ਕਰਕੇ ਸਵਾਗਤ ਕੀਤਾ। ਇਹ ਹਾਕਾ ਵਿਸ਼ੇਸ਼ ਇਜ਼ਾਜਤ ਲੈ ਕੇ ਕੀਤਾ ਗਿਆ ਸੀ ਅਤੇ ਇਸਨੂੰ ਉਥੇ ਹਾਜ਼ਰ ਸੈਂਕੜੇ ਲੋਕਾਂ ਨੇ ਵੇਖਿਆ। ਕਿਸੇ ਦੇਸ਼ ਦੇ ਸੰਸਦ ਮੈਂਬਰ ਦੀ ਅਜਿਹੀ ਆਓ ਭਗਤ ਸ਼ਾਇਦ ਇਥੇ ਪਹਿਲਾਂ ਕਦੇ ਨਹੀਂ ਹੋਈ। ਸਵਾਗਤ ਤੋਂ ਬਾਅਦ ਇਕ ਸੰਖੇਪ ਮਿਲਣੀ ਦੇ ਵਿਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਹੋਰਾਂ ਪੰਜਾਬ ਦੇ ਨਿਘਾਰ ਵੱਲ ਜਾ ਰਹੇ ਹਲਾਤਾਂ ਦੀ ਗੱਲ ਕੀਤੀ, ਮੌਜੂਦ ਪਤਵੰਤਿਆਂ ਦੇ ਸੱਜਣਾਂ ਦੇ ਜਵਾਬ ਦਿੱਤੇ। ਉਨ੍ਹਾਂ ਇਹ ਗੱਲ ਸਪਸ਼ਟ ਕੀਤੀ ਕਿ ਭਾਰਤ ਅੰਦਰ ਹਰ ਤਰ੍ਹਾਂ ਦਾ ਵਧੀਆ ਸਿਸਟਮ ਮੌਜੂਦ ਹੈ, ਅਫਸਰ ਮੌਜੂਦ ਹਨ, ਸਾਧਨ ਵੀ ਮੌਜੂਦ ਹਨ ਪਰ ਕੁਝ ਨੇਤਾਵਾਂ ਦੀ ਬਦਨੀਤੀ ਕਹਿ ਲਓ ਨਿਯਮਾਂ ਉਤੇ ਅਮਲ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਬੱਚੇ-ਬੱਚੇ ਦੇ ਅੰਦਰ ਮੌਜੂਦਾ ਸਰਕਾਰ ਪ੍ਰਤੀ ਅਤੇ ਮੌਜੂਦਾ ਕਾਇਦੇ ਕਾਨੂੰਨ ਦੀਆਂ ਉਡਦੀਆਂ ਧੱਜੀਆਂ ਵਿਰੁੱਧ ਨਫਰਤ ਭਰੀ ਹੋਈ ਹੈ, ਲੋਕ ਬਦਲਾਅ ਦੇ ਲਈ ਤਰਲੋ ਮੱਛੀ ਹੋਏ ਪਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਈਵ ਸ਼ੋਅ ਦੇ ਵਿਚ ਆਓ ਅਤੇ ਆਪਣੇ ਵਤਨ ਪੰਜਾਬ ਦੇ ਲਈ ਆਪਣਾ ਸਮਰਥਨ ਦੇ ਕੇ ਇਕ ਹਸਦੇ-ਵਸਦੇ ਪੰਜਾਬ ਦਾ ਖਾਕਾ ਚਿਤਰਣ ਵਿਚ ਸਹਾਇਤਾ ਕਰੋ। ਦਿੱਲੀ ਦੇ ਅਕਾਲੀ ਨੇਤਾ ਨੇ ਭਗਵੰਤ ਮਾਨ ਬਾਰੇ ਬਿਆਨ ਦਿੱਤਾ ਸੀ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਨਸ਼ਾ ਛਡਾਓ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ, ਬਾਰੇ ਚੁੱਟਕੀ ਲੈਂਦੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਕਈ ਦਿਨਾਂ ਤੋਂ ਆਸਟਰੇਲੀਆ ਸ਼ੋਅ ਕਰ ਰਿਹਾ ਹਾਂ ਤੇ ਅੱਜ ਨਿਊਜ਼ੀਲੈਂਡ ਆਇਆਂ ਹਾਂ, ਇਨ੍ਹਾਂ ਨੇਤਾਵਾਂ ਨੂੰ ਪਤਾ ਨੀ ਕਿਸ ਗੱਲ ਦਾ ਡਰ ਪਿਆ ਹੋਇਆ ਹੈ।?