ਮਹਾਰਾਜਾ ਰਣਜੀਤ ਸਿੰਘ: ਸ਼ਖ਼ਸੀਅਤ, ਸ਼ਾਸਨ ਤੇ ਦੇਣ

By November 17, 2015 0 Comments


ਕੁਲਜੀਤ ਸਿੰਘ ਮੀਆਂਪੁਰੀ (ਡਾ.)
maharaja ranjit singh
ਪੰਜਾਬ ਦੀ ਧਰਤੀ ’ਤੇੇ 13 ਨਵੰਬਰ, 1780 ਨੂੰ ਗੁਜਰਾਂਵਾਲਾ ਵਿੱਚ ਜਨਮਿਆ ਦੇਸ਼ ਦਾ ਮਹਾਨ ਸਪੂਤ ਮਹਾਰਾਜਾ ਰਣਜੀਤ ਸਿੰਘ ਮਹਾਨ ਯੋਧਾ, ਸੁਯੋਗ ਪ੍ਰਸ਼ਾਸਕ, ਧਰਮ ਨਿਰਪੱਖ ਸ਼ਾਸਕ ਅਤੇ ਮਾਨਵਤਾ ਦੇ ਅਦੁੱਤੀ ਗੁਣਾਂ ਨਾਲ ਭਰਪੂਰ ਸੀ। 10 ਸਾਲ ਦੀ ਉਮਰ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਆਪਣੇ ਪਿਤਾ ਨਾਲ ਸੈਨਿਕ ਦੌਰਿਆਂ ’ਤੇ ਜਾਣ ਲੱਗ ਪਏ ਸਨ। 12 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਮਗਰੋਂ ਸਾਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਆ ਪਈ, ਜਿਸ ਨੂੰ ਉਨ੍ਹਾਂ ਨੇ ਬਾਖ਼ੂਬੀ ਨਿਭਾਇਆ। ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਦੇ ਬਹੁਤੇ ਇਲਾਕੇ ਸਿੱਖਾਂ ਦੀਆਂ ਵੱਖ-ਵੱਖ ਮਿਸਲਾਂ ਦੇ ਅਧੀਨ ਸਨ ਅਤੇ ਇਨ੍ਹਾਂ ਦਾ ਆਪਸ ਵਿੱਚ ਕੋਈ ਮੇਲ-ਜੋਲ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ 1792 ਵਿੱਚ ਆਪਣੇ ਪਿਤਾ ਦੀ ਮਿਸਲ ‘ਸ਼ੁਕਰਚੱਕੀਆ’ ਦੇ ਮੁਖੀ ਬਣੇ ਅਤੇ ਅਗਲੇ ਪੰਜ-ਛੇ ਸਾਲਾਂ ਵਿੱਚ ਉਨ੍ਹਾਂ ਨੇ ਸਤਲੁਜ ਦੇ ਪੱਛਮ ਦੀਆਂ ਸਾਰੀਆਂ ਸਿੱਖ ਮਿਸਲਾਂ ਨੂੰ ਏਕਤਾ ਦੀ ਮਾਲਾ ਵਿੱਚ ਪਰੋ ਦਿੱਤਾ। ਮਿਸਲਾਂ ਦੇ ਏਕੇ ਮਗਰੋਂ ਉਨ੍ਹਾਂ ਨੇ ਅਫ਼ਗਾਨ ਸ਼ਾਸਕ ਸ਼ਾਹ ਜ਼ਮਾਨ ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ ਅਤੇ ਸਮੁੱਚੀਆਂ ਮਿਸਲਾਂ ਨੇ ਰਣਜੀਤ ਸਿੰਘ ਨੂੰ ਪੰਜਾਬ ਦਾ ‘ਮਹਾਰਾਜਾ’ ਸਵੀਕਾਰ ਕਰ ਲਿਆ।
19ਵੀਂ ਸਦੀ ਦੀ ਸ਼ੁਰੂਆਤ ਵਿੱਚ ਅੰਗਰੇਜ਼ਾਂ ਦੁਆਰਾ ਸਮੁੱਚੇ ਭਾਰਤ ’ਤੇ ਕਬਜ਼ੇ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਵਿੱਚ (1799) ਲਾਹੌਰ ’ਤੇ ਕਬਜ਼ਾ ਕੀਤਾ ਤੇ ਪੰਜਾਬ ਵਿੱਚ ਸੁਤੰਤਰ ਤੇ ਸ਼ਕਤੀਸ਼ਾਲੀ ਰਾਜ ਦੀ ਨੀਂਹ ਰੱਖੀ। ਮਹਾਰਾਜਾ ਰਣਜੀਤ ਸਿੰਘ ਨੇ ਇੰਨੇ ਵਿਸ਼ਾਲ ਦੇਸ਼ ਲਈ ਸ਼ਾਨਦਾਰ, ਸੁਰੱਖਿਅਤ ਤੇ ਸ਼ਕਤੀਸ਼ਾਲੀ ਸੈਨਾ ਤਿਆਰ ਕਰ ਦਿੱਤੀ ਜੋ ਤਤਕਾਲੀ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਤਾਕਤਵਰ ਤੇ ਭਿਆਨਕ ਫ਼ੌਜ ਮੰਨੀ ਗਈ।
ਭਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਅਤੇ ਰਾਜਨੀਤਕ ਪ੍ਰਬੰਧ ਦਾ ਪਹਿਲਾ ਤੇ ਸਫ਼ਲ ਤਜਰਬਾ ਸੀ। ਉਨ੍ਹਾਂ ਨੇ ਆਪਣੇ ਸ਼ਾਸਨ ਕਾਲ ਵਿੱਚ ਆਪਣੀ ਪਰਜਾ ਨੂੰ ਲੋਕਤੰਤਰੀ, ਨਿਆਂ ਪ੍ਰੇਮੀ ਤੇ ਸੁਯੋਗ ਸ਼ਾਸਕ ਦੇ ਰੂਪ ਵਿੱਚ ਖ਼ੁਸ਼ਹਾਲੀ ਪ੍ਰਦਾਨ ਕੀਤੀ। ਮਹਾਰਾਜਾ ਨੇ ਸਿੱਖ ਧਰਮ ਦਾ ਧਾਰਨੀ ਹੁੰਦੇ ਹੋਏ ਵੀ ਸਾਰੇ ਧਰਮਾਂ ਦਾ ਸਮਾਨ ਰੂਪ ਵਿੱਚ ਆਦਰ ਸਤਿਕਾਰ ਕੀਤਾ ਤੇ ਉਨ੍ਹਾਂ ਦੇ ਰਾਜ ਵਿੱਚ ਸਭਨਾਂ ਨੂੰ ਸਰਬਉੱਚ ਪਦਵੀਆਂ ਵੀ ਪ੍ਰਾਪਤ ਸਨ। ਉਨ੍ਹਾਂ ਦੇ ਵਿਸ਼ਵਾਸਪਾਤਰ ਵਜ਼ੀਰਾਂ ਵਿੱਚ ਫ਼ਕੀਰ ਅਜ਼ੀਜ਼ੁਦੀਨ, ਡੋਗਰਾ ਧਿਆਨ ਸਿੰਘ, ਮੇਰਠ ਦੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਜਮਾਂਦਾਰ ਖ਼ੁਸ਼ਹਾਲ ਸਿੰਘ ਸ਼ਾਮਲ ਸਨ। ਕਈ ਯਹੂਦੀਆਂ ਨੂੰ ਵੀ ਮਹਾਰਾਜਾ ਦੇ ਦਰਬਾਰ ਤੇ ਰਾਜ ਵਿੱਚ ਵਿਸ਼ੇਸ਼ ਸਥਾਨ ਮਿਲਿਆ, ਇਟਲੀ ਦਾ ਵਾਸੀ ਵੈਨਤੂਰਾ, ਉਨ੍ਹਾਂ ਦਾ ਪ੍ਰਧਾਨ ਸੈਨਾਪਤੀ ਬਣਿਆ।
1809 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ, ਕਸੂਰ, ਜਲੰਧਰ, ਮੀਰੋਵਾਲ, ਨਿਰੋਵਾਲ, ਜੰਮੂ, ਸਿਅਲਕੋਟ, ਵਜ਼ੀਰਾਬਾਦ, ਜੈਸਰਵਾਲ, ਦਿਲਬਾਗਗੜ੍ਹ, ਫਰੀਦਕੋਟ, ਨਕੋਦਰ, ਲੁਧਿਆਣਾ, ਸਰਹਿੰਦ, ਜਗਰਾਓਂ, ਸ਼ੇਰਗੜ੍ਹ, ਰਹੀਮਾਬਾਦ, ਦਾਖਾ, ਘੁੰਗਰਾਣਾ, ਅੰਬਾਲਾ ਅਤੇ ਬੜੀਆ ਨੂੰ ਆਪਣੇ ਅਧੀਨ ਕਰ ਲਿਆ। ਕਾਂਗੜਾ ਪਹਾੜੀਆਂ ਦੇ ਰਾਜੇ ਸੰਸਾਰ ਚੰਦ ਅਤੇ ਫੂਲਕੀਆ ਰਾਜ ਦੇ ਸਰਦਾਰਾਂ ਨੇ ਮਹਾਰਾਜੇ ਦੀ ਅਧੀਨਗੀ ਸਵੀਕਾਰ ਕਰ ਲਈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰੰਘ ਨੇ ਇੱਕ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ, ਜੋ ਲੱਦਾਖ ਤੋਂ ਸਤਲੁਜ ਦਰਿਆ ਅਤੇ ਪੰਜਾਬ ਦੇ ਦੱਖਣ-ਪੱਛਮ ਵੱਅ ਸ਼ਿਕਾਰਪੁਰ ਤੱਕ ਫੈਲ ਗਿਆ। 18ਵੀਂ ਸਦੀ ਦੇ ਪਹਿਲੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਉਨ੍ਹਾਂ ਅੰਮ੍ਰਿਤਸਰ ਦੀ ਆਰਥਿਕ, ਸੱਭਿਆਚਾਰਕ ਤੇ ਰਾਜਨੀਤਕ ਤਰੱਕੀ ਲਈ ਅਨੇਕਾਂ ਕਦਮ ਉਠਾਏ, ਜਿਸ ਦੇ ਫ਼ਲਸਰੂਪ ਅੰਮ੍ਰਿਤਸਰ ਸਿੱਖ ਰਾਜ ਦੀ ਅਧਿਆਤਮਕ ਰਾਜਧਾਨੀ ਬਣ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ‘ਖਾਲਸਾ, ‘ਨਾਨਕਸ਼ਾਹੀ’, ਮੋਰਾਂ ਸ਼ਾਹੀ’, ‘ਅਰਸੀਵਾਲਾ ਸ਼ਾਹੀ’, ‘ਗੋਬਿੰਦ ਸ਼ਾਹੀ’ ਅਤੇ ‘ਅਨੰਦਗੜ੍ਹ ਸ਼ਾਹੀ’ ਆਦਿ ਤਾਂਬੇ, ਚਾਂਦੀ ਅਤੇ ਸੋਨੇ ਦੇ ਸਿੱਕੇ ਆਪਣੇ ਟਕਸਾਲਾਂ ਵਿੱਚ ਬਣਵਾਏ ਤੇ ਚਲਾਏ। ਇਸੇ ਤਰ੍ਹਾਂ ਅਨੰਦਗੜ੍ਹ, ਦੇਹਰਾ (ਦੇਹਰਾ ਗਾਜ਼ੀ ਖ਼ਾਨ), ਕਸ਼ਮੀਰ, ਮੁਲਤਾਨ, ਲਾਹੌਰ, ਮਲਕੇਰੀਆਂ, ਪਿਸ਼ਾਵਰ ਨਾਲ ਸਬੰਧਿਤ ਸਿੱਕੇ ਚਲਾਏ। ਇਨ੍ਹਾਂ ਸਿੱਕਿਆਂ ’ਤੇ ਊਰਦੂ ਅਤੇ ਗੁਰਮੁਖੀ ਲਿੱਪੀ ਦਾ ਉਕਰਿਆ ਰੂਪ ਮਿਲਦਾ ਹੈ। ਮਹਾਰਾਜਾ ਰਣਜੀਤ ਸਿੰਘ ਜੇ ਚਾਹੁੰਦੇ ਤਾਂ ਵਿਸ਼ਵ ਦੇ ਹੋਰਨਾਂ ਡਿਕਟੇਟਰਾਂ ਵਾਂਗ ਆਪਣੀ ਸ਼ਕਤੀਸਾਲੀ ਰਿਆਸਤ ਵਿੱਚ ਜੋ ਚਾਹੇ ਕਰਦੇ ਪਰ ਉਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਨੂੰ ਵਡਿਆਈ ਤੇ ਅਹਿਮੀਅਤ ਦਿੱਤੀ। ਦੂਰ ਤੱਕ ਫੈਲੇ ਪੰਜਾਬੀ ਰਾਜ ਦੀ ਪਰਜਾ ਦਾ ਹਰਦਿਲ ਅਜ਼ੀਜ ਤੇ ਧਰਮ ਨਿਰਪੱਖ ਮਹਾਰਾਜਾ 27 ਜੂਨ, 1839 ਨੂੰ ਸਦਾ ਲਈ ਇਸ ਦੁਨੀਆਂ ਤੋਂ ਕੂਚ ਕਰ ਗਿਆ।
ਮੋਬਾੲੀਲ:97800-36224

Posted in: ਸਾਹਿਤ