ਧਿਆਨ ਸਿੰਘ ਮੱਲ ਦੀ ਜਿੳੂਣੇ ਮੌੜ ਨਾਲ ਦੁਸ਼ਮਣੀ ਤੇ ਦੋਸਤੀ

By November 17, 2015 0 Comments


ਗੁਰਦੇਵ ਸਿੰਘ ਆਹਲੂਵਾਲੀਆ

jeonaਰਿਆਸਤੀ ਰਾਜੇ ਆਪਣੇ ਮਨੋਰੰਜਨ ਤੇੇ ਆਪਣੀ ਪਰਜਾ ਦੀ ਖ਼ੁਸ਼ੀ ਲਈ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਕੁਸ਼ਤੀਆਂ ਅਖਾੜੇ ਕਰਵਾਉਂਦੇ ਰਹਿੰਦੇ ਸਨ। ਇਸੇ ਤਰ੍ਹਾਂ ਜੀਂਦ ਰਿਆਸਤ ਦੇ ਰਾਜਾ ਰਘਵੀਰ ਸਿੰਘ ਨੇ ਆਪਣੀ ਰਿਆਸਤੀ ਰਾਜਧਾਨੀ ਸੰਗਰੂਰ ਸ਼ਹਿਰ ਵਿੱਚ ਕੁਸ਼ਤੀਆਂ ਲਈ ਪਹਿਲਵਾਨਾਂ ਤੇ ਗਾੳੁਣ ਲੲੀ ਗਵੱਈਆਂ ਨੂੰ ਸੱਦਾ ਦਿੱਤਾ।
1870 ਦੇ ਲਗਪਗ ਮਿੱਥੀ ਤਰੀਕ ’ਤੇ ਕੁਸ਼ਤੀਆਂ ਸ਼ੁਰੂ ਕਰਵਾ ਦਿੱਤੀਆਂ ਗਈਆਂ। ਕੁਸ਼ਤੀਆਂ ਹੁੰਦੀਆਂ ਗਈਆਂ ਤੇ ਪਹਿਲਵਾਨ ਕੁਸ਼ਤੀ ਜਿੱਤਣ ਜਾਂ ਹਾਰਨ ਪਿੱਛੋਂ ਅਖਾੜੇ ਵਿੱਚੋਂ ਬਾਹਰ ਜਾਂਦੇ ਰਹੇ। ਅਖ਼ੀਰ ਵਿੱਚ ਰਾਜੇ ਦੇ ਮੁੱਖ ਪਹਿਲਵਾਨ ਰਣਜੋਧ ਸਿੰਘ ਦੀ ਵਾਰੀ ਆਈ। ਦੂਜਾ ਪਹਿਲਵਾਨ ਧਿਆਨ ਸਿੰਘ ਆਹਲੂਵਾਲੀਆ ਗੁਰੂ ਕੇ ਕੋਠੇ ਵਾਲਾ ਸੀ। ਦੋਵਾਂ ਲਈ ਅਖਾੜਾ ਹੋਰ ਖੁੱਲ੍ਹਾ ਕਰਵਾ ਦਿੱਤਾ ਗਿਆ। ਦੋਵੇਂ ਪਹਿਲਵਾਨ ਅਖਾੜੇ ਵਿੱਚ ਆਏ ਤੇ ਹਰੀ ਝੰਡੀ ਦੇ ਕੇ ਕੁਸ਼ਤੀ ਲੜਨ ਦੀ ਆਗਿਆ ਦਿੱਤੀ ਗਈ। ਕੁਸ਼ਤੀ ਸ਼ੁਰੂ ਹੋ ਗਈ ਤੇ ਰਾਜੇ ਦੇ ਮੰਤਰੀ ਤੇ ਪਰਜਾ ਆਪਣੇ ਵਾਲੇ ਪਹਿਲਵਾਨ ਨੂੰ ਜਿੱਤਦਾ ਦੇਖ ਕੇ ਖ਼ੁਸ਼ ਸਨ। ਧਿਆਨ ਸਿੰਘ ਪਹਿਲਵਾਨ ਨੇ ਰਾਜੇ ਦੇ ਪਹਿਲਵਾਨ ਨੂੰ ਚਿੱਤ ਕਰ ਦਿੱਤਾ।
ਰਾਜਾ ਰਘਵੀਰ ਸਿੰਘ ਨੇ ਧਿਆਨ ਸਿੰਘ ਮੱਲ ਨੂੰ ਖ਼ੁਸ਼ ਹੋ ਕੇ ਕਿਹਾ, ‘‘ਮੰਗੋ ਧਿਆਨ ਜੀ ਕੀ ਲੈਣਾ ਹੈ, ਉਂਜ ਮੈਂ ਬਹੁਤ ਖ਼ੁਸ਼ ਹੋਇਆ ਹਾਂ। ਇਸ ’ਤੇ ਧਿਆਨ ਸਿੰਘ ਨੇ ਕਿਹਾ, ‘‘ਸਾਹਿਬ ਜੀ ਅਸੀਂ ਤਾਂ ਅਖਾੜਿਆਂ ਦੇ ਭੁੱਖੇ ਹਾਂ ਸਾਡੇ ਉੱਪਰ ਤਾਂ ਤੁਹਾਡਾ ਹੱਥ ਹੀ ਕਾਫ਼ੀ ਹੈ।’’ ਰਾਜੇ ਨੇ ਦੁਬਾਰਾ ਕਿਹਾ, ਮੰਗ ਲਵੋ ਜੋ ਲੇੈਣਾ ਹੈ।’’ ਕਿਸੇ ਕੋਲ ਬੈਠੇ ਸਮਝਦਾਰ ਨੇ ਧਿਆਨ ਸਿੰਘ ਨੂੰ ਕਿਹਾ, ‘‘ਮਿੱਟੀ ਦਾ ਛੱਜ (ਜ਼ਮੀਨ) ਮੰਗ ਲੈ।’’ ਇਸ ’ਤੇ ਮੱਲ ਨੇ ਅਰਜ਼ ਕੀਤੀ ਕਿ ਸਾਹਿਬ ਮੈਨੂੰ ਮਿੱਟੀ ਦਾ ਛੱਜ (ਜ਼ਮੀਨ) ਦੇ ਦੇਵੋ। ਰਾਜੇ ਨੇ ਹਾਂ ਕਰ ਦਿੱਤੀ ਅਤੇ ਆਪਣੇ ਵਜ਼ੀਰਾਂ ਨੂੰ ਹੁਕਮ ਦਾ ਪਾਲਣ ਕਰਨ ਲਈ ਕਿਹਾ। ਵਜ਼ੀਰਾਂ ਨੇ ਪਿੰਡ ਮੌੜਾਂ ਦੇ ਰਕਬੇ ਵਿੱਚੋਂ ਜਿੳੂਣੇ ਦੇ ਟੱਕ ਨਾਲ ਲੱਗਵੀਂ ਤਕਰੀਬਨ 200 ਬੀਘੇ ਜ਼ਮੀਨ ਦਾ ਇੱਕ ਟੱਕ ਧਿਆਨ ਸਿੰਘ ਮੱਲ ਨੂੰ ਦੇ ਦਿੱਤਾ ਤੇ ਧਿਆਨ ਸਿੰਘ ਦੇ ਨਾਂ ਕਰਨ ਦੇ ਹੁਕਮ ਦੇ ਦਿੱਤੇ।
ਜਦੋਂ ਜਿੳੂਣਾ ਜੇਲ੍ਹ ਕੱਟ ਕੇ ਪਿੰਡ ਮੌੜਾਂ ਵਾਪਿਸ ਆਇਆ ਤਾਂ ਲੋਕਾ ਨੇ ੳੁਸ ਨੂੰ ਚੁੱਕ ਦੇ ਦਿੱਤੀ ਕਿ ਰਾਜੇ ਨੇ ੳੁਸ ਦੀ ਜ਼ਮੀਨ ਵਿੱਚੋਂ ਕਿਸੇ ਮੱਲ ਨੂੰ ਜ਼ਮੀਨ ਦੇ ਦਿੱਤੀ ਹੈ। ਇਹ ਸੁਣ ਕੇ ਜਿੳੂਣੇ ਸਿੰਘ ਦੀ ਮੱਲ ਧਿਆਨ ਸਿੰਘ ਪ੍ਰਤੀ ਅੱਖ ਮੈਲੀ ਹੋ ਗਈ। ਧਿਆਨ ਸਿੰਘ ਨੂੰ ਇਸ ਬਾਰੇ ਕੋਈ ਇਲ਼ਮ ਨਹੀਂ ਸੀ ਕਿ ਲੋਕਾਂ ਨੇ ਜਿਊਣ ਸਿੰਘ ਨੂੰ ੳੁਸ ਦੇ ਵਿਰੁੱਧ ਕਰ ਦਿੱਤਾ ਹੈ।
ਇੱਕ ਦਿਨ ਜਿਊਣਾ ਪਿੰਡ ਆਇਆ ਹੋਇਆ ਸੀ ਤੇ ਧਿਆਨ ਮੱਲ ਵੀ ਪਿੰਡ ਹੀ ਸੀ। ਮੀਂਹ ਪੈ ਰਿਹਾ ਸੀ। ਜਿਊਣੇ ਨੇ ਸੋਚਿਅਾ ਕਿ ਦੁਸ਼ਮਣੀ ਪੁਗਾੳੁਣ ਦਾ ਮੌਕਾ ਹੈ। ਮੀਂਹ ਪੈਂਦੇ ਵਿੱਚ ਰਾਤ ਨੂੰ ਜਿੳੂਣਾ ਤਿੱਖੀ ਧਾਰ ਦੀ ਬਰਛੀ ਲੈ ਕੇ ਧਿਆਨ ਸਿੰਘ ਮੱਲ ਦੇ ਘਰ ਵੱਲ ਚੱਲ ਪਿਆ। ਘਰ, ਕੰਧਾਂ, ਕੋਠੇ ਉਸ ਸਮੇਂ ਕੱਚੇ ਹੁੰਦੇ ਸਨ। ਜਿਊਣੇ ਨੇ ਸੋਚਿਆ ਕਿ ੳੁਹ ਕੱਚੀ ਛੱਤ ਵਿੱਚ ਬਰਛੀ ਨਾਲ ਸੁਰਾਖ ਕੱਢ ਦੇਵੇਗਾ ਤੇ ਕੋਠਾ ਮੀਂਹ ਨਾਲ ਚੋਣ ਲੱਗ ਪਵੇਗਾ। ਧਿਆਨ ਸਿੰਘ ਮੀਂਹ ਦਾ ਪਾਣੀ ਕੋਠੇ ਤੋਂ ਬੰਦ ਕਰਨ ਆਵੇਗਾ ਤਾਂ ੳੁਹ ੳੁਸ ਨੂੰ ਮੌਕਾ ਤਾੜ ਕੇ ਮਾਰ ਮੁਕਾਵੇਗਾ।
ਜਦੋਂ ਜਿਊਣੇ ਨੇ ਧਿਆਨ ਸਿੰਘ ਪਹਿਲਵਾਨ ਦੇ ਕੋਠੇ ’ਤੇ ਜਾ ਕੇ ਛੱਤ ਵਿੱਚ ਸੁਰਾਖ਼ ਕਰ ਦਿੱਤਾ ਤਾਂ ਕੋਠਾ ਚੋਣ ਲੱਗ ਪਿਆ। ਧਿਆਨ ਸਿੰਘ ਪਹਿਲਵਾਨ ਦੀ ਮਾਤਾ ਨੇ ਕਿਹਾ, ‘‘ਪੁੱਤ ਧਿਆਨ ਸਿੰਘ ਆਪਣਾ ਕੋਠਾ ਮੀਂਹ ਦੇ ਪਾਣੀ ਨਾਲ ਚੋਣ ਲੱਗ ਪਿਆ ਹੈ, ਜਾ ਕੇ ਪਾਣੀ ਦੀਆਂ ਖੱਡਾਂ ਬੰਦ ਕਰ ਦਿਓ।’’ ਧਿਆਨ ਸਿੰਘ ਨੇ ਆਪਣੀ ਮਾਤਾ ਨੂੰ ਕਿਹਾ, ‘‘ਮਾਤਾ ਮੀਂਹ ਨਾਲ ਆਪਣਾ ਕੋਠਾ ਨਹੀਂ ਚੋ ਸਕਦਾ, ਇਹ ਤਾਂ ਮੈਨੂੰ ਲੱਗਦਾ ਹੈ ਕਿ ਖੜਕ ਸਿੰਘ ਦਾ ਜਿਊਣਾ ਹੈ। ਉਸ ਨੇ ਇਹ ਕੋਈ ਮੈਨੂੰ ਮਾਰਨ ਦੀ ਕੋੲੀ ਚਲਾਕੀ ਕੀਤੀ ਹੈ।’’ ਇਹ ਗੱਲ ਜਿਊੁਣੇ ਦੇ ਕੰਨੀਂ ਪੈ ਗਈ ਤਾਂ ੳੁਹ ਬਹੁਤ ਦੁਖੀ ਹੋਇਆ। ਜਿਊਣੇ ਦੀ ਆਤਮਾ ਨੇ ਉਸ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਜਿਊੁਣੇ ਨੇ ਅਾਵਾਜ਼ ਮਾਰੀ, ‘‘ਬਾਈ ਧਿਆਨ ਸਿਆਂ ਮੈਂ ਖੜਕ ਸਿੰਘ ਦਾ ਜਿਉੂਣਾ ਹੀ ਹਾਂ। ਮੈਂ ਤਾਂ ਐਵੇਂ ਹੀ ਤੈਨੂੰ ਲੋਕਾਂ ਦੀ ਚੁੱਕ ਵਿੱਚ ਆ ਕੇ ਮਾਰਨ ਆ ਗਿਆ ਸੀ। ਮੈਂ ਤਾਂ ਪਿੰਡ ਵਿੱਚ ਕਦੇ ਕਿਸੇ ਦੀ ਸੁੱਖਸਾਂਦ ਪੁੱਛਣ ਹੀ ਆਉਂਦਾ ਹਾਂ। ਮੈਨੂੰ ਨਹੀਂ ਸੀ ਪਤਾ ਤੂੰ ਮੈਨੂੰ ਹਰ ਸਮੇਂ ਆਪਣੇ ਦਿਲ ਵਿੱਚ ਯਾਦ ਰੱਖੀ ਬੈਠਾ ਹੈਂ। ਅੱਜ ਤੋਂ ਬਾਅਦ ਅਸੀਂ ਮਿੱਤਰ ਬਣ ਕੇ ਰਹਾਂਗੇ।’’ ੳੁਸ ਦਿਨ ਤੋਂ ਬਾਅਦ ਦੋਵੇਂ ਪੱਕੇ ਮਿੱਤਰ ਬਣ ਗਏ ਤੇ ਬਣੇ ਰਹੇ।

•ਮੋਬਾੲੀਲ: 99889-32108

Posted in: ਸਾਹਿਤ