ਵਿਲੱਖਣ ਸ਼ਹੀਦ ਗੁਰੂ ਤੇਗ਼ ਬਹਾਦਰ ਜੀ

By November 17, 2015 0 Comments


ਮਾ. ਬੋਹੜ ਸਿੰਘ ਮੱਲ੍ਹਣ

guru-teg-bahadur-jiਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਿੱਖ ਕੌਮ ਵਿੱਚ ਦੂਜੀ ਮਹਾਨ ਸ਼ਹਾਦਤ ਗੁਰੂ ਤੇਗ਼ ਬਹਾਦਰ ਜੀ ਦੀ ਹੋੲੀ ਹੈ। ਅੌਰੰਗਜ਼ੇਬ ਪਿਤਾ ਸ਼ਾਹਜਹਾਂ ਤੇ ਭੈਣ ਜਹਾਂਆਰਾ ਨੂੰ ਕੈਦ ਕਰ ਕੇ ਤੇ ਵੱਡੇ ਭਰਾ ਦਾਰਾ ਸ਼ਿਕੋਹ ਦਾ ਸਿਰ ਵੱਢ ਕੇ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਭੇਟ ਕਰ ਕੇ ਦਿੱਲੀ ਦੇ ਤਖ਼ਤ ’ਤੇ ਬੈਠਾ। ਦੂਜੇ ਪਾਸੇ ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਗੁਰਗੱਦੀ ’ਤੇ ਸੁਸ਼ੋਭਿਤ ਹੋਏ। ਬਾਬਾ ਬਕਾਲਾ ਵਿਖੇ ਘੱਟ ਜਗ੍ਹਾ ਮਹਿਸੂਸ ਕਰਦਿਆਂ ਗੁਰੂ ਜੀ ਨੇ ਪਹਾੜੀਆਂ ਦੇ ਪੈਰਾਂ ਹੇਠ ਕਹਿਲੂਰ ਦੇ ਰਾਜੇ ਭੀਮ ਚੰਦ ਤੋਂ ਮਾਖੋਵਾਲ, ਮਟੌਰ ਤੇ ਲੋਧੀਪੁਰ ਤਿੰਨ ਪਿੰਡਾਂ ਦੀ ਜ਼ਮੀਨ 2200 ਰੁਪਏ ਵਿੱਚ ਖ਼ਰੀਦ ਕੇ ਸ੍ਰੀ ਆਨੰਦਪੁਰ ਸਾਹਿਬ ਵਸਾਇਆ ਤੇ ਉੱਥੇ ਹੀ ਪੱਕਾ ਟਿਕਾਣਾ ਕਰ ਲਿਆ।
ਅੌਰੰਗਜ਼ੇਬ ਨੇ ਆਪਣੇ ਖ਼ਾਸ ਵਫ਼ਾਦਾਰ ਸ਼ੇਰ ਅਫ਼ਗਾਨ ਖ਼ਾਨ (ਇਫ਼ਤਖਾਰ ਖਾਂ) ਨੂੰ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ। ੳੁਸ ਨੇ ਅਹੁਦਾ ਸੰਭਾਲਦਿਆਂ ਹੀ ਆਪਣੇ ਆਕਾ ਨੂੰ ਖ਼ੁਸ਼ ਕਰਨ ਵਾਸਤੇ ਹਿੰਦੂ ਧਰਮ ਮੁਖੀ, ਵਿਦਵਾਨਾਂ ਤੇ ਬੁੱਧੀਜੀਵੀ ਤਬਕੇ ਨੂੰ ਛੇ ਮਹੀਨੇ ਵਿੱਚ ਮੁਸਲਮਾਨ ਬਣਨ ਦਾ ਫ਼ਰਮਾਨ ਜਾਰੀ ਕਰ ਦਿੱਤਾ। ਇਹ ਫ਼ਰਮਾਨ ਸੁਣਦਿਆਂ ਹੀ ਘਬਰਾਏ ਹੋਏ ਕਸ਼ਮੀਰੀ ਪੰਡਤਾਂ ਦਾ 501 ਮੈਂਬਰੀ ਵਫ਼ਦ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਦੇ ਭਰੇ ਦੀਵਾਨ ਵਿੱਚ ਪੁੱਜਿਆ ਤੇ ਗੁਰੂ ਜੀ ਨੂੰ ਨਮਸਕਾਰ ਕਰ ਕੇ ਸਾਰੀ ਵਿੱਥਿਆ ਸੁਣਾੲੀ। ਗੁਰੂ ਤੇਗ਼ ਬਹਾਦਰ ਜੀ ੳੁਨ੍ਹਾਂ ਦੀ ਵਿੱਥਿਆ ਸੁਣ ਕੇ ਕੁਝ ਸੋਚ ਹੀ ਰਹੇ ਸਨ ਕਿ ਕੋਲ ਬੈਠੇ ਬਾਲ ਗੋਬਿੰਦ ਰਾਏ ਨੇ ਗੁਰੂ ਜੀ ਤੋਂ ਪੁੱਛਿਆ, ‘‘ਪਿਤਾ ਜੀ ਇਨ੍ਹਾਂ ਦੇ ਰੋਣ ਦਾ ਕੀ ਕਰਨ ਹੈ?’’ ਗੁਰੂ ਜੀ ਨੇ ਦੱਸਿਆ ਕਿ ਇਨ੍ਹਾਂ ਦੇ ਧਰਮ ਦੀ ਬੇੜੀ ਮੰਝਧਾਰ ਵਿੱਚ ਡੁੱਬ ਰਹੀ ਹੈ। ਇਨ੍ਹਾਂ ਦੇ ਘਰ ਉਜਾੜ ਕੇ ਇਨ੍ਹਾਂ ਦੇ ਬੱਚੇ ਯਤੀਮ ਕੀਤੇ ਜਾ ਰਹੇ ਹਨ। ਕੋਈ ਮਹਾਂਪੁਰਖ ਆਪਣੇ ਸਿਰ ਦੀ ਬਲੀ ਦੇ ਕੇ ਇਸ ਸਭ ਵਰਤਾਰੇ ਨੂੰ ਰੋਕ ਸਕਦਾ ਹੈ। ਇਹ ਸੁਣ ਕੇ ਗੋਬਿੰਦ ਰਾਏ ਨੇ ਕਿਹਾ, ‘‘ਤੁਹਾਡੇ ਤੋਂ ਵੱਡਾ ਮਹਾਂਬਲੀ ਹੋਰ ਕੌਣ ਹੋ ਸਕਦਾ ਹੈ, ਤੁਸੀਂ ਇਨ੍ਹਾਂ ਦੇ ਧਰਮ ਦੀ ਰਾਖੀ ਕਰੋ।’’
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਹੌਂਸਲਾ ਦਿੰਦਿਆਂ ਕਿਹਾ, ‘‘ਜਾਓ! ਉਸ ਨੂੰ ਕਹਿ ਦਿਓ ਜੇ ਗੁਰੂ ਤੇਗ਼ ਬਹਾਦਰ ਮੁਸਲਮਾਨ ਹੋ ਜਾਏ ਤਾਂ ਅਸੀਂ ਸਭ ਇਸਲਾਮ ਦੇ ਧਾਰਨੀ ਹੋ ਜਾਵਾਂਗੇ।’’ ਪਿੱਛੋਂ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਸੰਗਤ ਨੂੰ ਧੀਰਜ ਦੇ ਕੇ ਗੁਰੂ ਜੀ ਦਿੱਲੀ ਵੱਲ ਨੂੰ ਚੱਲ ਪਏ। ਅੌਰੰਗਜ਼ੇਬ ਨੇ ਕਾਬੁਲ ਦੀ ਮੁਹਿੰਮ ਵਿੱਚ ਰੁੱਝਿਆ ਹੋਣ ਕਰਕੇ ਹੁਕਮ ਭੇਜਿਆ, ‘‘ਮੈਨੂੰ ਉਡੀਕੇ ਬਗ਼ੈਰ ਉਸ (ਗੁਰੂ ਜੀ) ਨੂੰ ਕੈਦ ਕਰ ਲਿਆ ਜਾਵੇ ਅਤੇ ਕਤਲ ਕਰ ਕੇ ਉਸ ਦੇ ਸਰੀਰ ਦੇ ਚਾਰ ਟੁਕੜੇ ਕਰ ਕੇ ਚਾਰਾਂ ਦਿਸ਼ਾਵਾਂ ਵਿੱਚ ਟੰਗ ਦਿੱਤੇ ਜਾਣ।’’ ਗੁਰੂ ਜੀ ਨੂੰ ਆਗਰੇ ਪੁੱਜਦਿਆਂ ਹੀ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ।
ਗੁਰੂ ਜੀ ਦੇ ਸਾਹਮਣੇ ਭਾਈ ਦਿਆਲੇ ਨੂੰ ਦੇਗ਼ ਵਿੱਚ ਉਬਾਲ ਕੇ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਅਤੇ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜ਼ਿੰਦਾ ਸਾੜ ਕੇ ਭੈਅਭੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ੳੁਹ ਪਿੰਜਰੇ ਵਿੱਚ ਕੈਦ ਅਡੋਲ ਸਭ ਕੁਝ ਅੱਖੀਂ ਵੇਖਦੇ ਰਹੇ। ਗੁਰੂ ਜੀ ਦੇ ਸਾਹਮਣੇ ਤਿੰਨ ਸਵਾਲ ਰੱਖੇ ਗਏ, ‘‘ਇਸਲਾਮ ਕਬੂਲ ਕਰ ਲਵੋ, ਕਰਾਮਾਤ ਦਿਖਾਓ ਜਾਂ ਮਰਨ ਲਈ ਤਿਆਰ ਹੋ ਜਾਵੋ।’’ ਗੁਰੂ ਜੀ ਦਾ ਜਵਾਬ ਸੀ, ‘‘ਹਰ ਮਨੁੱਖ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਦਾ ਹੱਕ ਹੈ, ਗੁਰੂ ਘਰ ਵਿੱਚ ਕਰਾਮਾਤ ਲਈ ਕੋਈ ਥਾਂ ਨਹੀਂ, ਤੀਜਾ ਅਸੀਂ ਪਹਿਲਾਂ ਹੀ ਮਰਨ ਲਈ ਤਿਆਰ ਹੋ ਕੇ ਆਏ ਹਾਂ।’’ ਉਨ੍ਹਾਂ ਦਾ ਇਹ ਜਵਾਬ ਸੁਣ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ 15 ਨਵੰਬਰ, 1675 ਨੂੰ ਦੁਪਹਿਰੇ ਸਮਾਣੇ ਦੇ ਜੱਲਾਦ ਜਲਾਲੂਦੀਨ ਨੇ ਤਲਵਾਰ ਦੇ ਵਾਰ ਨਾਲ ਸੀਸ ਧੜ ਤੋਂ ਵੱਖ ਕਰ ਕੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ। ਭਾਈ ਜੈਤੇ ਨੇ ਗੁਰੂ ਸਾਹਿਬ ਦਾ ਸੀਸ ਆਪਣੀ ਚਾਦਰ ਵਿੱਚ ਲਪੇਟਿਆ ਤੇ ਖ਼ਤਰੇ ਵਾਲੇ ਅਣਡਿੱਠੇ ਰਾਹ ਆਨੰਦਪੁਰ ਵੱਲ ਚੱਲ ਪਏ। ਭਾਈ ਗੁਰਦਿੱਤੇ ਤੇ ਉਦੇ ਦੇ ਇਸ਼ਾਰੇ ’ਤੇ ਗੁਰੂ ਘਰ ਦੇ ਸ਼ਰਧਾਲੂ ਲੱਖੀ ਸ਼ਾਹ ਵਣਜਾਰੇ ਨੇ ਆਪਣੀ ਖਾਲੀ ਗੱਡੇ ਚਾਂਦਨੀ ਚੌਕ ਰਾਹੀਂ ਲੰਘਾੲੀ ਤਾਂ ਭਾਈ ਗੁਰਦਿੱਤੇ ਨੇ ਫੁਰਤੀ ਨਾਲ ਗੁਰੂ ਜੀ ਦਾ ਧੜ ਇੱਕ ਗੱਡੇ ਵਿੱਚ ਰੱਖ ਦਿੱਤਾ ਤੇ ਆਪਣੇ ਘਰ ਲਿਜਾ ਕੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ਼ ਬਹਾਦਰ ਜੀ ਦੇ ਧੜ ਦਾ ਸਸਕਾਰ ਕਰ ਦਿੱਤਾ। ਭਾਈ ਜੈਤੇ ਦੇ ਆਨੰਦਪੁਰ ਸਾਹਿਬ ਪਹੁੰਚਣ ’ਤੇ ਸੀਸ ਦਾ ਸਸਕਾਰ ਉੱਥੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਲੱਖਣ ਸ਼ਹੀਦੀ ਦਾ ਵਰਣਨ ਆਪਣੀ ਜੀਵਨ ਕਥਾ ਬਚਿੱਤਰ ਨਾਟਕ ਵਿੱਚ ਇੰਜ ਕੀਤਾ ਹੈ:
‘‘ਤਿਲਕ ਜੰਞੂ ਰਾਖਾ ਪ੍ਰਭ ਤਾਕਾ।
ਕੀਨੋ ਬਡੋ ਕਲੂ ਮਹਿ ਸਾਕਾ।’’
‘‘ਤੇਗ ਬਹਾਦਰ ਕੇ ਚਲਤ ਭਇਓ ਜਗਤ ਕੇ ਸ਼ੋਕ।
ਹੈ, ਹੈ, ਹੈ ਸਭ ਜਗ ਭਇਓ ਜੈ, ਜੈ, ਜੈ ਸੁਰ ਲੋਕ।’’

•ਮੋਬਾੲੀਲ: 96461-41

Posted in: ਸਾਹਿਤ