ਸੁਖਬੀਰ ਦਾ ਵਿਰੋਧ ਕਰਨ ਵਾਲੀ ਸਿੱਖ ਸੰਗਤ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ

By November 17, 2015 0 Comments


girlਸੰਗਰੂਰ:ਇਥੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾੳੁਣ ਜਾ ਰਹੀ ਸਿੱਖ ਸੰਗਤ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ ਗਿਆ। ਸੰਗਤ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਦਿਆਂ ਪਿੰਡ ਬਾਲੀਆਂ ਤੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਵੱਲ ਵੱਧ ਰਹੀ ਰਹੀ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਦੋ ਸਿੱਖ ਨੌਜਵਾਨਾਂ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹਿਰਾਸਤ ਵਿੱਚ ਲਿਆ, ਜੋ ਕਿ ਪੁਲੀਸ ਨੂੰ ਚਕਮਾ ਦੇ ਕੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਾਲੇ ਪੰਡਾਲ ਵਿੱਚ ਪੁੱਜ ਗਏ ਸਨ। ਹਿਰਾਸਤ ਵਿੱਚ ਲਏ ਸਿੱਖ ਨੌਜਵਾਨ ਨਾਜ਼ਰ ਸਿੰਘ ਬਟੂਹਾ ਅਤੇ ਮਨਜੀਤ ਸਿੰਘ ਸੰਗਰੂਰ ‘ਸੁਖਬੀਰ ਬਾਦਲ ਵਾਪਸ ਜਾਓ, ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾ ਰਹੇ ਸਨ।

ਸ੍ਰੀ ਬਾਦਲ ਇਥੇ ਸਦਭਾਵਨਾ ਰੈਲੀਆਂ ਵਾਸਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਸੱਦੀ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਦੀ ਫੇਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਸੀ। ਇਸੇ ਦੌਰਾਨ ਪਿੰਡ ਬਾਲੀਆਂ ਤੋਂ ਬਾਬਾ ਦਰਸ਼ਨ ਸਿੰਘ ਬਾਲੀਆਂ ਦੀ ਅਗਵਾਈ ਹੇਠ ਸਿੱਖ ਸੰਗਤ ਕਾਲੀਆਂ ਝੰਡੀਆਂ ਨਾਲ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਪੈਦਲ ਮਾਰਚ ਕਰਦਿਆਂ ਗੁਰਦੁਆਰਾ ਨਾਨਕਿਆਣਾ ਸਾਹਿਬ ਵੱਲ ਰਵਾਨਾ ਹੋੲੀ। ਸਿੱਖ ਸੰਗਤ ਜਿਵੇਂ ਹੀ ਬਾਲੀਆਂ ਤੋਂ ਕਰੀਬ ਦੋ ਕਿਲੋਮੀਟਰ ਸੰਗਰੂਰ ਵੱਲ ਪੁੱਜੀ, ਤਾਂ ਪੁਲੀਸ ਨੇ ਨਾਕਾਬੰਦੀ ਕਰ ਕੇ ਸਿੱਖ ਸੰਗਤ ਨੂੰ ਰੋਕ ਲਿਆ। ਇਸ ਤੋਂ ਬਾਅਦ ਸੰਗਤ ਨੇ ੳੁਥੇ ਹੀ ਰੋਸ ਧਰਨਾ ਲਾ ਦਿੱਤਾ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡੀਐਸਪੀ ਗੁਰਪ੍ਰੀਤ ਸਿੰਘ ਢੀਂਡਸਾ, ਥਾਣਾ ਸਦਰ ਅਤੇ ਸਿਟੀ ਪੁਲੀਸ ਦੇ ਮੁਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁੱਜੀ ਪੁਲੀਸ ਨੇ ਸਿੱਖ ਕਾਰਕੁਨਾਂ ਅਤੇ ਸਿੱਖ ਬੀਬੀਆਂ ਨੂੰ ਥਾਣਾ ਸਦਰ ਬਾਲੀਆਂ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਥਾਣੇ ਵਿੱਚ ਵੀ ਸਿੱਖ ਸੰਗਤ ਕਾਲੀਆਂ ਝੰਡੀਆਂ ਸਮੇਤ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਰੋਸ ਧਰਨੇ ’ਤੇ ਬੈਠ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਰਸ਼ਨ ਸਿੰਘ ਬਾਲੀਆਂ, ਰਣਧੀਰ ਸਿੰਘ, ਹਰਜੀਤ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਜਾ ਰਹੇ ਸਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਮੁਲਜ਼ਮਾਂ ਨੂੰ ਫਡ਼ਿਆ ਗਿਆ ਹੈ। ੳੁਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ।

ਵਿਰੋਧ ਕਾਰਨ ਹਿਰਾਸਤ ਵਿੱਚ ਲੲੀ ਸੰਗਤ: ਡੀਐਸਪੀ
ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿਰੋਧ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ।

ਲਡ਼ਕੀ ਨੇ ਪੁਲੀਸ ਕੋਲੋਂ ਮੰਗੇ ਗ੍ਰਿਫ਼ਤਾਰੀ ਵਰੰਟ
ਪਿੰਡ ਬਾਲੀਆਂ ਨੇਡ਼ੇ ਜਦੋਂ ਪੁਲੀਸ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੀ ਸਿੱਖ ਸੰਗਤ ਨੂੰ ਹਿਰਾਸਤ ਵਿੱਚ ਲੈਣ ਲੱਗੀ ਤਾਂ ਨੌਜਵਾਨ ਸਿੱਖ ਲੜਕੀ ਪ੍ਰਭਜੋਤ ਕੌਰ ਨੇ ਪੁਲੀਸ ਅਧਿਕਾਰੀ ਨੂੰ ਸਵਾਲ ਕੀਤਾ ਕਿ ੳੁਹ ਪਹਿਲਾਂ ਗ੍ਰਿਫ਼ਤਾਰੀ ਦੇ ਵਾਰੰਟ ਵਿਖਾੳੁਣ। ਪੁਲੀਸ ਅਧਿਕਾਰੀ ਲੜਕੀ ਦੇ ਸਵਾਲ ਦਾ ਜਵਾਬ ਤਾਂ ਨਾ ਦੇ ਸਕਿਆ ਪਰ ਹੋਰ ਪੁਲੀਸ ਫੋਰਸ ਬੁਲਾ ਕੇ ੳੁਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

Posted in: ਪੰਜਾਬ