ਮੰਡ, ਕਾਹਨ ਸਿੰਘ ਵਾਲਾ ਤੇ ਮਨਾਵਾਂ ਖ਼ਿਲਾਫ਼ ਨਵਾਂ ਕੇਸ ਦਰਜ

By November 17, 2015 0 Comments


ਅੰਮ੍ਰਿਤਸਰ, 17 ਨਵੰਬਰ:ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾਂ ਅਤੇ ਹੋਰਨਾਂ ’ਤੇ ਇਕ ਹੋਰ ਨਵਾਂ ਕੇਸ ਦਰਜ ਕੀਤਾ ਗਿਆ ਹੈ।
ਬੀਤੀ ਦੇਰ ਸ਼ਾਮ ਇਥੇ ਥਾਣਾ ਕੋਤਵਾਲੀ ਵਿੱਚ ੲਿਨ੍ਹਾਂ ਵਿਰੁਧ ਧਾਰਾ 295, 427, 511, 506, 148, 149, 153 ਏ ਅਤੇ ਅਸਲਾ ਐਕਟ ਹੇਠ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਸ਼ਿਕਾਇਤ ਹਰਿਮੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਹੈ। ਸ਼ਿਕਾਇਤ ਵਿੱਚ ਮੈਨੇਜਰ ਨੇ ਕਿਹਾ ਹੈ ਕਿ ਬੰਦੀ ਛੋੜ ਦਿਵਸ ਮੌਕੇ ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹਾਜ਼ਰ ਸਨ, ਜਦੋਂ ਸ਼ਾਮ ਨੂੰ ਹਥਿਆਰਾਂ ਸਹਿਤ ਦੋ ਢਾਈ ਸੌ ਵਿਅਕਤੀ ਅਕਾਲ ਤਖ਼ਤ ’ਤੇ ਆਏ। ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਉਨ੍ਹਾਂ ਵਿਚੋਂ ਹੀ ਇਕ ਨੇ ਦਰਸ਼ਨੀ ਡਿਊਢੀ ’ਤੇ ਚੜ੍ਹ ਕੇ ਤੋਸ਼ੇਖਾਨੇ ਦਾ ਦਰਵਾਜ਼ਾ ਤੋੜਣ ਦਾ ਯਤਨ ਕੀਤਾ। ਇਸ ਮੌਕੇ ਧਿਆਨ ਸਿੰਘ ਮੰਡ ਵੱਲੋਂ ਅਕਾਲ ਤਖ਼ਤ ਦੇ ਸਾਹਮਣੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ। ੲਿਸ ਕਾਰਨ ਤਣਾਅ ਤੇ ਸਹਿਮ ਪੈਦਾ ਹੋ ਗਿਅਾ ਸੀ।

ਗਲਿਆਰਾ ਚੌਕੀ ਦੇ ਇੰਚਾਰਜ ਭਗਵਾਨ ਸਿੰਘ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।
ਸ੍ਰੀ ਮੰਡ ਸਮੇਤ 20 ਵਿਅਕਤੀਆਂ ਦੇ ਖ਼ਿਲਾਫ਼ ਪਹਿਲਾਂ ਹੀ ਪੁਲੀਸ ਵੱਲੋਂ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਤਿੰਨ ਸਿੱਖ ਆਗੂ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸਤਨਾਮ ਸਿੰਘ ਮਨਾਵਾਂ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ। ਪੁਲੀਸ ਨੇ ਸ੍ਰੀ ਮੰਡ ਦੀ ਭਤੀਜੀ ਨੂੰ ਵੀ ਹਿਰਾਸਤ ਵਿੱਚ ਲਿਆ ਹੋਇਆ ਹੈ।