ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਨੇੜੇ ਬਣੀ ਇਕ ਝੀਲ ਉਤੇ ਦੋ ਪੰਜਾਬੀ ਮੁੰਡਿਆਂ ਦੀ ਮੌਤ

By November 17, 2015 0 Comments


ਹਾਸੇ-ਹਾਸੇ ਵਿਚ ਇਕ ਮੁੰਡਾ ਦਰੱਖਤ ‘ਤੇ ਪਾਈ ਪੀਂਘ ਝੂਟਣ ਲੱਗਾ ਸੀ – ਰੱਸਾ ਟੁੱਟ ਗਿਆ ਤੇ ਡੂੰਘੇ ਪਾਣੀ ਵਿਚ ਡਿਗ ਗਿਆ-ਦੂਜਾ ਬਚਾਉਣ ਗਿਆ ਵੀ ਖੁਦ ਡੁੱਬ ਗਿਆ
– ਦੋ ਹੋਰ ਮੁੰਡੇ ਬਚਾਉਣ ਗਏ ਪਰ ਵਾਹ ਨਾ ਚਲਦੀ ਵੇਖ ਸੁਰੱਖਿਅਤ ਬਚ ਗਏ
pbi
ਆਕਲੈਂਡ-17 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਅੱਜ ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਤੋਂ ਲਗਪਗ 10 ਕਿਲੋਮੀਟਰ ਦੂਰ ਮੈਕਲਾਰੇਨ ਝੀਲ ਦੇ ਉਤੇ ਚਾਰ ਪੰਜਾਬੀ ਮੁੰਡੇ ਘੁੰਮਣ ਫਿਰਨ ਗਏ ਸਨ। ਉਥੇ ਪਾਣੀ ਦੇ ਉਤੇ ਇਕ ਦਰੱਖਤ ਦੇ ਨਾਲ ਰੱਸਾ ਪਾ ਕੇ ਪੀਂਘ ਬਣਾਈ ਹੋਈ ਹੈ, ਜਿਸ ‘ਤੇ ਲੋਕ ਅਕਸਰ ਝੂਟਦੇ ਹਨ। ਜਦੋਂ ਉਹ ਝੂਟਦੇ ਹਨ ਤਾਂ ਪਾਣੀ ਦੇ ਉਤੇ ਝੂਟਾ ਲਿਆ ਜਾਂਦਾ ਹੈ। ਕੱਲ੍ਹ ਸ਼ਾਮ ਸਵਾ ਕੁ 5 ਵਜੇ ਜਦੋਂ ਇਨ੍ਹਾਂ ਚਾਰਾਂ ਪੰਜਾਬੀ ਨੌਜਵਾਨ ਵਿਚੋਂ ਇਕ ਮਨਿੰਦਰ ਸਿੰਘ (27) ਜੋ ਕਿ ਰਾਜਪੁਰਾ ਤੋਂ ਸੀ ਝੂਟਾ ਲੈਣ ਲੱਗਾ ਤਾਂ ਪੀਂਘ ਦਾ ਰੱਸਾ ਟੁੱਟ ਗਿਆ ਅਤੇ ਉਹ ਪਾਣੀ ਦੇ ਵਿਚ ਡਿਗ ਪਿਆ।

ਜਿਸ ਥਾਂ ‘ਤੇ ਉਹ ਡਿਗਿਆ ਉਥੇ ਪਾਣੀ ਡੂੰਘਾ ਸੀ। ਕਹਿੰਦੇ ਨੇ ਉਥੇ ਪਾਣੀ ਨੂੰ ਨਿਯੰਤਰਣ ਰੱਖਣ ਦੇ ਲਈ ਹੇਠਾਂ ਵੱਡਾ ਬੋਰ ਸੀ, ਤੇ ਉਹ ਉਥੇ ਫਸ ਗਿਆ। ਦੂਜੇ ਮੁੰਡੇ ਜਿਸ ਦਾ ਨਾਂਅ ਜਗਦੀਪ ਸਿੰਘ ਗੈਰੀ (25) ਸੀ, ਨੇ ਤੁਰੰਤ ਬਚਾਉਣ ਲਈ ਛਾਲ ਮਾਰੀ ਉਸਨੂੰ ਤੈਰਨਾ ਵੀ ਆਉਂਦਾ ਸੀ ਪਰ ਉਹ ਵੀ ਉਸ ਤੱਕ ਪਹੁੰਚ ਨਾ ਬਣਾ ਸਕਿਆ ਅਤੇ ਉਹ ਵੀ ਉਥੇ ਹੀ ਡੁੱਬ ਗਿਆ। ਜਿਹੜੇ ਦੋ ਮੁੰਡੇ ਪਾਣੀ ਦੇ ਬਾਹਰ ਸਨ ਉਨ੍ਹਾਂ ਨੇ ਵੀ ਪਾਣੀ ਦੇ ਵਿਚ ਛਾਲ ਮਾਰੀ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਚਾਇਆ ਜਾ ਸਕੇ ਪਰ ਉਹ ਵੀ ਪਾਣੀ ਦੇ ਵਿਚ ਫਸਦੇ ਨਜ਼ਰ ਆਉਣ ਕਰਕੇ ਸੁਰੱਖਿਅਤ ਬਾਹਰ ਨਿਕਲ ਆਏ।

ਐਮਰਜੈਂਸੀ ਵਿਭਾਗ ਨੂੰ ਤੁਰੰਤ ਸੂਚਨਾ ਦਿੱਤੀ ਗਈ। ਕੱਲ੍ਹ ਰਾਤ ਤੱਕ ਜਗਦੀਪ ਸਿੰਘ ਦੀ ਲਾਸ਼ ਤਾਂ ਪ੍ਰਾਪਤ ਹੋ ਗਈ ਸੀ, ਪਰ ਮਨਿੰਦਰ ਸਿੰਘ ਦੀ ਲਾਸ਼ ਅੱਜ ਵਿਸ਼ੇਸ਼ ਬਚਾਓ ਦਲ ਨੇ ਵਲਿੰਗਟਨ ਤੋਂ ਆ ਕੇ ਲੱਭੀ। ਜਗਦੀਪ ਸਿੰਘ ਇਥੇ 2011 ਦੇ ਵਿਚ ਪੜ੍ਹਨ ਆਇਆ ਸੀ ਤੇ ਅੱਜ ਕੱਲ੍ਹ ਗਿਸਬੌਰਨ ਰਹਿੰਦਾ ਸੀ। ਕੱਲ੍ਹ ਉਹ ਆਪਣੇ ਦੋਸਤ ਨੂੰ ਮਿਲਣ ਟੌਰੰਗਾ ਸ਼ਹਿਰ ਆਇਆ ਸੀ। 2012 ਦੇ ਵਿਚ ਇਸਨੇ ਆਪਣਾ ਵਿਆਹ ਵੀ ਇਥੇ ਕਰ ਲਿਆ ਸੀ ਅਤੇ ਉਸਦੀ ਇਕ 2 ਸਾਲਾ ਬੇਟੀ ਹੈ। ਕੋਈ 8 ਕੁ ਮਹੀਨੇ ਪਹਿਲਾਂ ਉਸਦੀ ਪੱਕੀ ਰੈਜੀਡੈਂਸੀ ਲੱਗੀ ਹੈ। ਉਸਦੀ ਪਤਨੀ ਕਾਫੀ ਸਦਮੇ ਵਿਚ ਹੈ ਅਤੇ ਉਸਦਾ ਮ੍ਰਿਤਕ ਸਰੀਰ ਇੰਡੀਆ ਰਹਿੰਦੇ ਉਸਦੇ ਪਰਿਵਾਰ ਕੋਲ ਲੈ ਕੇ ਜਾਵੇਗੀ।

ਇਸ ਵੇਲੇ ਦੋਹਾਂ ਪੰਜਾਬੀ ਮੁੰਡਿਆ ਦੇ ਮ੍ਰਿਤਕ ਸਰੀਰ ਜਾਂਚ-ਪੜ੍ਹਤਾਲ ਵਾਸਤੇ ਪੁਲਿਸ ਅਤੇ ਸਿਹਤ ਵਿਭਾਗ ਕੋਲ ਹਨ। ਮਨਿੰਦਰ ਸਿੰਘ ਦੇ ਮ੍ਰਿਤਕ ਸਰੀਰ ਦੇ ਇੰਡੀਆ ਭੇਜਣ ਬਾਰੇ ਅਜੇ ਪੱਕੀ ਜਾਣਕਾਰੀ ਨਹੀਂ ਹੈ। ਉਸਨੇ ਵੀ ਇਥੇ ਆਪਣਾ ਵਿਆਹ ਕਰਵਾਇਆ ਹੋਇਆ ਸੀ। ਉਹ ਵੀ ਕੁਝ ਮਹੀਨੇ ਪਹਿਲਾਂ ਹੀ ਪੱਕਾ ਹੋਇਆ ਸੀ। ਪੱਕਾ ਹੋਣ ਦੀ ਖੁਸ਼ੀ ਵਿਚ ਉਸਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਕਰਵਾਇਆ ਸੀ। ਦਸਦੇ ਹਨ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਕਾਫੀ ਸੇਵਾ ਕਰਿਆ ਕਰਦਾ ਸੀ। ਟੌਰੰਗਾ ਤੋਂ ਕਮਿਊਨਿਟੀ ਮੈਂਬਰ ਉਸਦੇ ਪਰਿਵਾਰ ਦੇ ਨਾਲ ਸੰਪਰਕ ਵਿਚ ਹਨ।