ਭਾਈ ਹਰਮਿੰਦਰ ਸਿੰਘ ਸਮੇਤ ਤਿੰਨ ਸਿੱਖਾਂ ਨੂੰ ਅਸਲਾ-ਬਾਰੂਦ ਐਕਟ ਵਿਚ ੫ ਸਾਲ ਸਜ਼ਾ

By November 17, 2015 0 Comments


੫ ਸਾਲ ਤੋਂ ਵੱਧ ਕੱਟਣ ਕਰਕੇ ਨਾਭਾ ਜੇਲ੍ਹ ‘ਚੋ ਅੱਜ ਹੀ ਰਿਹਾਈ ਸੰਭਵ
har
ਲੁਧਿਆਣਾ,17 ਨਵੰਬਰ ੨੦੧੫- ਖੰਨਾ ਪੁਲਿਸ ਵਲੋਂ ੧੬ ਜੁਲਾਈ ੨੦੧੦ ਨੂੰ ਗ੍ਰਿਫਤਾਰ ਕੀਤੇ ਚਾਰ ਸਿੱਖਾਂ ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਜੰਟ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ ਚਾਰਾਂ ਨੂੰ ਬਾਰੂਦ ਐਕਟ ਦੀ ਧਾਰਾ ੪ ਅਤੇ ੫ ਵਿਚ ੫-੫ ਸਾਲ ਤੇ ੨੫੦੦-੨੫੦੦ ਰੁਪਏ ਜੁਰਮਾਨਾ, ਅਸਲਾ ਐਕਟ ਦੀ ਧਾਰਾ ੨੫ ਵਿਚ ਹਰਮਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ੩-੩ ਸਾਲ ਸਜ਼ਾ ਅਤੇ ੧੦੦੦ ਰੁਪਏ ਜੁਰਮਾਨਾ ਕੀਤਾ ਅਤੇ ਆਈ.ਪੀ.ਸੀ ਧਾਰਾ ੪੬੭/੪੬੮ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਬਰੀ ਕੀਤਾ ਗਿਆ। ਜਿਕਰਯੋਗ ਹੈ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣ ਦਾ ਹੁਕਮ ਹੋਣ ਕਾਰਨ ਅੱਜ ਸ਼ਾਮ ਚਾਰਾਂ ਦੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਰਿਹਾਈ ਸੰਭਵ ਹੈ ਕਿਉਂਕਿ ਚਾਰੋਂ ਸਿੱਖ ਪਹਿਲਾਂ ਹੀ ੫ ਸਾਲ ਤੋਂ ਵੱਧ ਸਜ਼ਾ ਕੱਟ ਚੁੱਕੇ ਹਨ। ਚਾਰਾਂ ਸਿੰਘਾਂ ਵਲੋਂ ਐਡਵੋਕੇਟ ਐੱਸ.ਸੀ ਗੁਪਤਾ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
ਜਿਕਰਯੋਗ ਹੈ ਕਿ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ ੧੯੪ ਮਿਤੀ ੧੬ ਜੁਲਾਈ, ਥਾਣਾ ਸਿਟੀ ਖੰਨਾ ਵਿਚ ਅਸਲਾ-ਬਾਰੂਦ ਐਕਟ ਤੇ ਆਈ.ਪੀ.ਸੀ ਧਾਰਾ ੪੬੭/੪੬੮ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਦਰਜ਼ ਕੀਤਾ ਗਿਆ ਸੀ। ਕੇਸ ਵਿਚ ਬਰਾਮਦਗੀ ਵਜੋਂ ਭਾਈ ਹਰਮਿੰਦਰ ਸਿੰਘ ਕੋਲੋਂ ੫੦੦ ਗਰਾਮ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ, ਇਕ ਏ.ਕੇ-੪੭ ਰਾਈਫਲ-ਮੈਗਜ਼ੀਨ-੫੦ ਰੌਂਦ, ਭਾਈ ਮਨਜਿੰਦਰ ਸਿੰਘ ਕੋਲੋਂ ੬੦੦ ਗਰਾਮ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ, ਇਕ .੩੦ ਬੋਰ ਪਿਸਟਲ-ਮੈਗਜ਼ੀਨ-੬੮ ਰੌਂਦ, ਭਾਈ ਜਸਵਿੰਦਰ ਸਿੰਘ ਕੋਲੋਂ ੧ ਕਿਲੋ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ ਅਤੇ ਭਾਈ ਗੁਰਜੰਟ ਸਿੰਘ ਕੋਲੋਂ ੧ ਕਿਲੋ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ ਦੀ ਬਰਾਮਦਗੀ ਦਿਖਾਈ ਗਈ ਸੀ।
ਅੱਜ ਫੈਸਲੇ ਸਮੇਂ ਚਾਰਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਖ ਰਿਲੀਫ ਵਲੋਂ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਵੀ ਹਾਜ਼ਰ ਸਨ।