ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ‘ਤੇ ਸਰਕਾਰੀ ਦਬਾਅ ਵਧਾ ਰਿਹੈ ਬੇਭਰੋਸਗੀ

By November 17, 2015 0 Comments


ਅੰਮਿ੍ਤਸਰ, 17 ਨਵੰਬਰ -ਮੁਆਫ਼ੀ ਫੈਸਲੇ ਮਗਰੋਂ ਸਿੱਖਾਂ ਦੀ ਅਲੋਚਨਾ ਦਾ ਸਾਹਮਣਾ ਕਰਨ ਵਾਲੇ ਸਿੰਘ ਸਾਹਿਬਾਨ ਪ੍ਰਤੀ ਸੁਰਖ ਵਤੀਰੇ ਤੇ ਧਰਮ ‘ਚ ਸਿਆਸੀ ਦਖ਼ਲਅੰਦਾਜ਼ੀ ਵਿਰੁਧ ਸੱਦੇ ਸਰਬੱਤ ਖ਼ਾਲਸਾ ‘ਚ ਸ਼ਮੂਲੀਅਤ ਨਾਲ ਸ਼ੋ੍ਰਮਣੀ ਕਮੇਟੀ ਦੇ ਕਈ ਮੁਲਾਜਮਾਂ ਵੱਲੋਂ ਜ਼ਾਹਿਰ ਕੀਤੀਆਂ ਆਪਣੀਆਂ ਭਾਵਨਾਵਾਂ ਦੇ ਚੱਲਦਿਆਂ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਕੌਮੀ ਸੰਦੇਸ਼ ਦੌਰਾਨ ਉਠੇ ਵਿਰੋਧ ਨਾਲ ਹੋਈ ਤਲਖੀ ‘ਚ ਸ਼ੋ੍ਰਮਣੀ ਕਮੇਟੀ ਕਰਮਚਾਰੀਆਂ ਦੀ ਭੂਮਿਕਾ ਜਾਚਣ ਦੇ ਜਾਰੀ ਹੋਏ ਹੁਕਮਾਂ ਕਾਰਨ ਮੁਲਾਜ਼ਮਾਂ ‘ਚ ਮੁੜ ਬੇਭਰੋਸਗੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ ਜਿਸ ਦਾ ਪ੍ਰਭਾਵ ਜਾਂਚ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਹੀ ਸਪਸ਼ਟ ਹੋ ਸਕੇਗਾ |

ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਬੰਦੀ ਛੋੜ ਦਿਵਸ ਮੌਕੇ ਉਭਰੀ ਤਲਖੀ ‘ਤੇ ਰੋਕ ‘ਚ ਪ੍ਰਸ਼ਾਸਨ ਨੂੰ ਅਸਫ਼ਲ ਦੱਸਦਿਆਂ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ‘ਤੇ ਭਰੋਸਾ ਪ੍ਰਗਟਾਇਆ ਸੀ ਪਰ ਦੋ ਦਿਨ ਬਾਅਦ ਪ੍ਰਸ਼ਾਸਨ ਤੋਂ ਸੂਈ ਚੁੱਕ ਕੇ ਮੁੜ ਮੁਲਾਜਮਾਂ ‘ਤੇ ਆ ਗਈ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਉਕਤ ਹਾਲਾਤਾਂ ‘ਚ ਸ਼ੋ੍ਰਮਣੀ ਕਮੇਟੀ ਕਰਮਚਾਰੀਆਂ ਦੀ ਭੂਮਿਕਾ ਬਾਰੇ ਜਾਂਚ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ | ਕਮੇਟੀ ‘ਕੁਝ ਲੋਕਾਂ’ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਕਰੇਗੀ ਜੋ ਕਹਿ ਰਹੇ ਹਨ ਕਿ ਬੰਦੀ ਛੋੜ ਦਿਵਸ ਮੌਕੇ ਜੋ ਕੁਝ ਹੋਇਆ ਉਹ ਸ੍ਰੀ ਹਰਿਮੰਦਰ ਸਾਹਿਬ, ਧਰਮ ਪ੍ਰਚਾਰ ਕਮੇਟੀ ਤੇ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਹੋਇਆ ਹੈ | ਇਸ ਕਮੇਟੀ ‘ਚ ਸ਼ੋ੍ਰਮਣੀ ਕਮੇਟੀ ਦੇ ਤਿੰਨ ਅੰਤਿ੍ੰਗ ਮੈਂਬਰ ਤੇ ਇਕ ਸਕੱਤਰ ਨੂੰ ਸ਼ਾਮਿਲ ਕੀਤਾ ਹੈ ਜੋ 15 ਦਿਨ ‘ਚ ਆਪਣੀ ਰਿਪੋਰਟ ਦੇਣਗੇ ਪਰ ਪਹਿਲਾਂ ਭਰੋਸਾ ਪ੍ਰਗਟਾਉਣ ਤੇ ਫਿਰ ਜਾਂਚ ਅਧੀਨ ਲਿਆਉਣ ਦਾ ਮਾਜ਼ਰਾ ਬਹੁਤਾਤ ਕਮੇਟੀ ਕਰਮਚਾਰੀਆਂ ਨੂੰ ਸਮਝ ਨਹੀਂ ਆ ਰਿਹਾ | ਦੱਬੀ ਜ਼ੁਬਾਨ ‘ਚ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਖ਼ੁਲਾਸਾ ਕੀਤਾ ਕਿ ਪ੍ਰਸ਼ਾਸਨ ਨੂੰ ਮਿਲੀ ਫਿਟਕਾਰ ਮਗਰੋਂ ‘ਸਰਕਾਰ’ ਦੇ ਕੰਨ ਭਰੇ ਗਏ ਹਨ, ਜਿਥੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਮਲੇ ਦੀ ਸਥਿਤੀ ਵਾਚਣ ਦੇ ‘ਹੁਕਮ’ ਹੋਏ |

ਉਕਤ ਮੁਲਾਜਮਾਂ ਨੇ ਸਪੱਸ਼ਟ ਕੀਤਾ ਕਿ ਉਹ ਸਿੱਖ ਹੋਣ ਨਾਤੇ ਆਪਣੀਆਂ ਭਾਵਨਾਵਾਂ ਪਾਲਦੇ ਹਨ ਪਰ ਇਸ ਤਰ੍ਹਾਂ ਉਨ੍ਹਾਂ ਨੂੰ ਪ੍ਰਬੰਧਾਂ ਦੀ ਬਲੀ ਚੜਾਉਣ ਦਾ ਰੋਸ ਲਗਾਤਾਰ ਵੱਧ ਰਿਹਾ ਹੈ | ਬੰਦੀ ਛੋੜ ਦਿਵਸ ਮੌਕੇ ਜਿਥੇ ਸਿੰਘ ਸਾਹਿਬ ਅਤੇ ਪ੍ਰਧਾਨ ਸ਼ੋ੍ਰਮਣੀ ਕਮੇਟੀ ਿਖ਼ਲਾਫ਼ ਸ਼ਰੇਆਮ ਨਾਅਰੇਬਾਜ਼ੀ ਹੋਈ ਉਥੇ ਸਰਬੱਤ ਖ਼ਾਲਸਾ ‘ਚ ਥਾਪੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਆਮਦ ਤੇ ਲਗਭਗ ਡੇਢ ਘੰਟਾ ਬੇਰੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦਗੀ ਨੇ ਸ਼ੱਕ ਦੀ ਸੂਈ ਕਮੇਟੀ ਮੁਲਾਜ਼ਮਾਂ ‘ਤੇ ਲਿਆਂਦੀ ਸੀ | ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਬਾਰੇ ਸ਼ੋ੍ਰਮਣੀ ਕਮੇਟੀ ਦੇ ਪਸ਼ਚਾਤਾਪ ਸਮਾਗਮ ਮੌਕੇ ਸਿੰਘ ਸਾਹਿਬ ਦੀ ਖੁੱਲ੍ਹੇਆਮ ਵਿਰੋਧਤਾ, ਪੰਜ ਪਿਆਰਿਆਂ ਵੱਲੋਂ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਦੇ ਆਦੇਸ਼ ਤੇ ਹਰਿਮੰਦਰ ਸਾਹਿਬ ਦੇ ਇਕ ਗ੍ਰੰਥੀ ਸਿੰਘ ਸਾਹਿਬ ਸਮੇਤ ਹਜ਼ੂਰੀ ਰਾਗੀਆਂ, ਅਰਦਾਸੀਆ ਤੇ ਹੋਰ ਕਰਮਚਾਰੀਆਂ ਦੀ ਸਰਬੱਤ ਖ਼ਾਲਸਾ ‘ਚ ਸ਼ਮੂਲੀਅਤ ਮਗਰੋਂ ਅਜਿਹੇ ਵਿਰੋਧ ਭਾਵੀ ਹਾਲਾਤ ਪੈਦਾ ਨਾ ਕਰਨ ਬਾਰੇ ਪ੍ਰਬੰਧਕਾਂ ਤੇ ਸਰਕਾਰ ਨੂੰ ਖੁਦ ਸਮਝ ਲੈਣਾ ਚਾਹੀਦਾ ਹੈ |

ਸਿੱਖ ਭਾਵਨਾਵਾਂ ‘ਚ ਤੱਤਪਰ ਮੁਲਾਜ਼ਮਾਂ ਨਾਲ ਪ੍ਰਬੰਧਕਾਂ ਨੂੰ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਅਜਿਹਾ ਹੋਣ ਨਾਲ ਪ੍ਰਬੰਧਾਂ ‘ਚ ਵਿਗਾੜ ਜਾਂ ਬਗਾਵਤ ਦੇ ਆਸਾਰ ਉਭਰ ਸਕਦੇ ਹਨ | ਅਧਿਕਾਰੀਆਂ ਅਨੁਸਾਰ ਮਾਮਲੇ ਵਾਲੇ ਦਿਨ ਜਿਥੇ ਜਿਹੜੇ ਕਰਮਚਾਰੀ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਉਹ ਆਪਣੇ ਸਥਾਨ ‘ਤੇ ਸਥਿਰ ਰਹੇ ਅਤੇ ਸਿੰਘ ਸਾਹਿਬ ਤੇ ਪ੍ਰਧਾਨ ਦੀ ਸੁਰੱਖਿਆ ਲਈ ਆਪਣੀ ਵਚਨਬੱਧਤਾ ਪੂਰੀ ਕੀਤੀ ਫਿਰ ਅਜਿਹੇ ਦੋਸ਼ ਕਰਮਚਾਰੀਆਂ ਦਾ ਮਨੋਬਲ ਢਾਉਣ ਵਾਲੇ ਮਨੇ ਜਾ ਸਕਦੇ ਹਨ | ਜਾਂਚ ਰਿਪੋਰਟ ਜ਼ਾਹਿਰ ਹੋਣ ਮਗਰੋਂ ਹੀ ਕਰਮਚਾਰੀਆਂ ਦੀ ਮਾਨਸਿਕ ਦਸ਼ਾ ਸਪੱਸ਼ਟ ਹੋਵੇਗੀ |