ਸ਼੍ਰੋਮਣੀ ਕਮੇਟੀ ਨੇ ਜਥੇਦਾਰ ਮੰਡ ਖਿਲਾਫ਼ ਵੀ ਪਰਚਾ ਦਰਜ ਕਰਵਾਇਆ

By November 17, 2015 0 Comments


ਅੰਮਿ੍ਤਸਰ, 17 ਨਵੰਬਰ -ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਖਿਲਾਫ਼ ਜਿਥੇ ਸਰਕਾਰ ਪਹਿਲਾਂ ਹੀ ਦੇਸ਼ ਧ੍ਰੋਹ ਦੇ ਦੋਸ਼ਾਂ ਦਾ ਪਰਚਾ ਦਰਜ ਕਰ ਚੁਕੀ ਹੈ, ਓਥੇ ਅੱਜ ਸ਼ੋ੍ਰਮਣੀ ਕਮੇਟੀ ਨੇ ਵੀ ਦੀਵਾਲੀ ਦੀ ਸ਼ਾਮ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਮੌਕੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਹੁੱਲੜਬਾਜ਼ੀ ਦੇ ਦੋਸ਼ਾਂ ਤਹਿਤ ਗਿਆਨੀ ਮੰਡ ਸਮੇਤ ਹੋਰਾਂ ਖਿਲਾਫ਼ ਪਰਚਾ ਦਰਜ ਕਰਵਾ ਦਿੱਤਾ ਹੈ |

mandਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਪ੍ਰਤਾਪ ਸਿੰਘ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਪੁਲਿਸ ਕਮਿਸ਼ਨਰ ਕੋਲ ਕੀਤੀ ਹੈ, ਜਿਸ ਅਨੁਸਾਰ ਦੀਵਾਲੀ ਦੀ ਸ਼ਾਮ ਮੌਕੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਂਅ ਸੰਦੇਸ਼ ਦੇ ਰਹੇ ਸਨ, ਓਥੇ ਉਕਤ ਗਿਆਨੀ ਮੰਡ ਤੇ ਹੋਰ ਆਗੂ ਵੀ ਪੁੱਜ ਗਏ, ਜਿਨ੍ਹਾਂ ਵੱਲੋਂ ਵੱਖਰੇ ਤੌਰ ‘ਤੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਤੇ ਗਿਆਨੀ ਗੁਰਬਚਨ ਸਿੰਘ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ, ਜਿਸ ਨਾਲ ਓਥੇ ਸ਼ਾਂਤਮਈ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ ਦੇ ਮਨਾਂ ਨੂੰ ਵੀ ਠੇਸ ਪੁੱਜੀ |

ਪੁਲਿਸ ਵੱਲੋਂ ਇਸ ਸਬੰਧੀ ਗਿਆਨੀ ਮੰਡ ਤੋਂ ਇਲਾਵਾ ਸਤਨਾਮ ਸਿੰਘ ਮਨਾਵਾਂ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਕੋਤਵਾਲੀ ਵਿਖੇ ਧਾਰਾ 295, 427, 511, 506, 148, 149 ਅਧੀਨ ਪਰਚਾ ਦਰਜ ਕੀਤਾ ਹੈ | ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਮਿਲੀ ਦਰਖਾਸਤ ‘ਤੇ ਉਕਤ ਕਾਰਵਾਈ ਕੀਤੀ ਜਾ ਰਹੀ ਹੈ |

ਗਿਆਨੀ ਮੰਡ ਦੀ ਭਤੀਜੀ ਬੀਬੀ ਮਨਦੀਪ ਕੌਰ ਨੂੰ ਵੀ ਅੱਜ ਪੁਲਿਸ ਹਿਰਾਸਤ ‘ਚ ਲਏ ਜਾਣ ਦੀ ਚਰਚਾ ਰਹੀ ਹੈ ਜੋ ਇਥੇ ਸਿੱਖ ਰੈਫਰੈਂਸ ਲਾਇਬ²ੇ੍ਰਰੀ ਵਿਖੇ ਬਤੌਰ ਕਲਰਕ ਕੰਮ ਕਰ ਰਹੀ ਹੈ | ਦੀਵਾਲੀ ਮੌਕੇ ਸੰਦੇਸ਼ ਜਾਰੀ ਕਰਨ ਤੋਂ ਪਹਿਲੀ ਰਾਤ ਗਿਆਨੀ ਮੰਡ ਦੇ ਆਪਣੀ ਉਕਤ ਭਤੀਜੀ ਦੇ ਘਰ ਰਹਿਣ ਦੀ ਚਰਚਾ ਸੀ |