ਬਹਿਬਲ ਕਲਾਂ ਮਾਮਲਾ – ਸ਼ਹੀਦਾਂ ਦੇ ਪਰਿਵਾਰ ਨੂੰ ਐੱਫ.ਆਈ.ਆਰ. ਦੀ ਨਕਲ ਨਾ ਦੇਣ ‘ਤੇ ਅਦਾਲਤ ਵੱਲੋਂ ਸਰਕਾਰ ਨੂੰ ਨੋਟਿਸ

By November 16, 2015 0 Comments


ਫ਼ਰੀਦਕੋਟ, 16 ਨਵੰਬਰ – ਬਰਗਾੜੀ ਕਾਂਡ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਸ਼ਹੀਦ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਬਾਜਾਖਾਨਾ ਵਿਖੇ ਹੋਰ ਦਰਜ ਕੇਸ ਦੀ ਨਕਲ ਨਾ ਮੁਹੱਈਆ ਕਰਾਉਣ ‘ਤੇ ਅੱਜ ਇੱਥੋਂ ਦੀ ਅਦਾਲਤ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਵਕੀਲ ਸ਼ਿਵ ਕਰਤਾਰ ਸਿੰਘ ਸੇਖੋਂ ਰਾਹੀਂ ਅੱਜ ਅਦਾਲਤ ਵਿਚ ਅਰਜ਼ੀ ਦੇ ਕੇ ਐਫ.ਆਈ.ਆਰ ਦੀ ਨਕਲ ਜਾਰੀ ਕਰਨ ਦੀ ਮੰਗ ਕੀਤੀ ਹੈ। ਜਿਸ ‘ਤੇ ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਨੇ ਇਸ ਮਾਮਲੇ ਵਿਚ 20 ਨਵੰਬਰ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਬਾਜਾਖਾਨਾ ਪੁਲਿਸ ਵੱਲੋਂ ਆਈ.ਪੀ.ਸੀ. ਦੀ ਧਾਰਾ 302, 307 ਅਤੇ ਅਸਲਾ ਐਕਟ ਤਹਿਤ ਐਫ.ਆਈ.ਆਰ. ਨੰਬਰ 130 ਦਰਜ ਕੀਤੀ ਗਈ ਸੀ। ਜਿਸ ਦੀ ਪੁਿਲਸ ਵੱਲੋਂ ਵਾਰਸਾਂ ਨੂੰ ਅਜੇ ਤੱਕ ਕੋਈ ਨਕਲ ਮੁਹੱਈਆ ਨਹੀਂ ਕਰਵਾਈ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਅੱਜ ਦਾਖਲ ਕਰਵਾਈ ਅਰਜ਼ੀ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਫ.ਆਈ.ਆਰ. ਦੀ ਤਸਦੀਕਸ਼ੁਦਾ ਨਕਲ ਅਜੇ ਤੱਕ ਨਹੀਂ ਮਿਲੀ ਅਤੇ ਉਹ ਇਸ ਸੰਬੰਧੀ ਬਾਜਾਖਾਨਾ ਪੁਲਿਸ ਸਟੇਸ਼ਨ ਨਾਲ ਵੀ ਸੰਪਰਕ ਕਰ ਚੁੱਕੇ ਹਨ।

Posted in: ਪੰਜਾਬ