ਹੁੱਣ ਪਾਂਡੇ ਭਰਾਵਾਂ ਨੇ ਗੁੰਡਾਗਰਦੀ ਕਰਦਿਆਂ ਚੰਡੀਗੜ੍ਹਵਿਚ ਗੁਰਸਿੱਖ ਨੋਜਵਾਨ ਦੀ ਕੀਤੀ ਕੁੱਟਮਾਰ

By November 16, 2015 0 Comments


ਮੂੰਹ ਤੇ ਸਿਗਰਟ ਦਾ ਧੂੰਆਂ ਮਾਰਦਿਆਂ ਦਾਹੜੀ ਪੁੱਟੀ ਤੇ ਜੁੱਤੀਆਂ ’ਚ ਰੋਲੀ

ਚੰਡੀਗੜ੍ ਪੁਲਿਸ ਵਲੋਂ ਇਕ ਦੋਸ਼ੀ ਕਮਲੇਸ਼ ਪਾਂਡੇ ਖਿਲਾਫ਼ 295ਏ ਤਹਿਤ ਜ਼ੇਲ ਪਹੁੰਚਿਆ , ਬਾਕੀ ਅਜੇ ਬਾਹਰ

sikh
ਚੰਡੀਗੜ16ਨਵੰਬਰ(ਮੇਜਰ ਸਿੰਘ): ਚੰਡੀਗੜ੍ਹਦੇ ਵਿਚ ਪੈਂਦੇ ਪਿੰਡ ਦਰੀਆ(ਦੜੂਆ)ਦੇ ਅੱਜ ਉਸ ਸਮੇਂ ਸਥਿਤੀ ਤਨਾਅ ਪੂਰਨ ਹੋ ਗਈ ਜਦੋਂ ਇਕ ਪਾਂਡੇ ਟੂਰ ਟਰੈਵਲ ਦੇ ਮਾਲਿਕ ਕਮਲੇਸ਼ ਪਾਂਡੇ ਉਸਦੇ ਭਰਾ ਬ੍ਰਿਜੇਸ਼ ਪਾਂਡੇ , ਸ਼ਸ਼ੀ ਸ਼ੰਕਰ ਤਿਵਾੜੀ ਅਤੇ ਗੋਲੂ ਨਾਮ ਦੇ ਵਿਅਕਤੀਆਂ ਵਲੋਂ ਬੀਤੀ 13 ਨਵੰਬਰ ਦੀ ਰਾਤ ਨੂੰ ਇਕ ਗੁਰਸਿੱਖ ਨੋਜਵਾਨ ਰਾਜਵੰਤ ਸਿੰਘ ਵਾਸੀ ਤਰਨਤਾਰਨ ਦੀ ਕੁੱਟਮਾਰ ਕਰਨ ਅਤੇ ਮੂੰਹ ਤੇ ਬੀੜੀ ਦਾ ਧੂੰਆਂ ਮਾਰਕੇ ਅਤੇ ਦਾੜਾ ਪੁਟੱਣ ਅਤੇ ਜੁੱਤੀ ਨਾਲ ਮਸਲਣ ਦਾ ਮਾਮਲਾ ਉਥੋਂ ਦੇ ਗੁਰਦੁਆਰਾ ਸਾਹਿਬ ਵਿਚ ਸੋਮਵਾਰ ਨੂੰ ਹਾਜਿਰ ਸੰਗਤ ਵਿਚ ਪਹੁੰਚਿਆ।

ਪੀੜਤ ਰਾਜਵੰਤ ਸਿੰਘ ਨੇ ਦਸਿਆ ਕਿ ਉਹ ਪਿੰਡ ਫਲੋਕੇ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਇਥੇ ਉਹ ਭਾਰਤ ਟ੍ਰੈਵਲਜ਼ ਹਲੋਮਾਜਰਾ ਵਿਖੇ ਬਤੌਰ ਡਰਾਇਵਰ ਨੌਕਰੀ ਕਰਦਾ ਹੈ ਤੇ ਪੱਕੀ ਰਿਹਾਇਸ਼ ਨਹੀਂ ਹੈ। ਉਸਨੇ ਦਸਿਆ ਕਿ ਬੀਤੇ 11ਨਵੰਬਰ ਦੀ ਰਾਤ ਨੂੰ ਉਹ ਆਪਣੀ ਗੱਡੀ ਸੀ ਐਚ 02 2831 ਤੇ ਪਾਂਡੇ ਟੂਰ ਟਰੈਵਲ ਤੋਂ ਮਨਾਲੀ ਲਈ ਸਵਾਰੀ ਬਾਰਾਂ ਹਜ਼ਾਰ ਰੁਪਏ ਵਿਚ ਬੁੱਕ ਕੀਤੀ ਸੀ। ਜਿਸ ਨੂੰ ਲੈਕੇ ਉਹ ਤਿੰਨ ਦਿਨ ਉੱਥੇ ਗਿਆ। ਸਵਾਰੀ ਨੇ ਬਕਾਇਆ ਦੋ ਹਜ਼ਾਰ ਰੁਪਏ ਦੇਣ ਤੋਂ ਨਾਂਹ ਕਰ ਦਿਤੀ। ਜਿਸਤੇ ਬ੍ਰਿਜੇਸ਼ ਪਾਂਡੇ ਨਾਲ ਗੱਲ ਕੀਤੀ ਤਾਂ ਉਸਨੇ ਵਾਪਿਸ ਚੰਡੀਗੜ੍ਹਆਕੇ ਗੱਲ ਕਰਨ ਨੂੰ ਕਿਹਾ। ਰਾਜਵੰਤ ਸਿੰਘ ਅਨੁਸਾਰ 13 ਨਵੰਬਰ ਦੀ ਰਾਤ ਨੂੰ ਜਦੋਂ ਉਹ ਵਾਪਿਸ ਪਾਂਡੇ ਟੂਰ ਟਰੈਵਲਜ਼ ਤੇ ਪਹੁੰਚਿਆ ਤਾਂ ਪਾਂਡੇ ਦੀ ਸਵਾਰੀਆਂ ਨਾਲ ਕਾਫ਼ੀ ਤਕਰਾਰ ਹੋ ਗਈ ਜਿਸਤੇ ਮੈਂ ਕੋਈ ਦਖ਼ਲ ਨਹੀਂ ਦਿਤਾ।

ਜਦ ਕਾਫੀ ਝਗੜੇ ਤੋਂ ਬਾਅਦ ਪਾਂਡੇ ਬਾਹਰ ਆਇਆ ਤਾਂ ਮੈਨੂੰ ਕਿਹਾ ਕਿ ਸਵਾਰੀ ਨੂੰ ਸਟੇਸ਼ਨ ਨਹੀਂ ਛਡੱਣਾ ਹੈ ਤੇ ਇਹ ਸਟੇਸ਼ਨ ਪੈਦਲ ਜਾਣਗੇ। ਜਿਸ ਤੇ ਜਦੋਂ ਮੈਂ ਸਵਾਰੀ ਦਾ ਸਮਾਨ ਉਤਾਰ ਰਿਹਾ ਸੀ ਤਾਂ ਬ੍ਰਿਜੇਸ਼ ਪਾਂਡੇ ਦਾ ਭਰਾ ਕਮਲੇਸ਼ ਪਾਂਡੇ ਬਾਹਰ ਆਇਆ ਤੇ ਕਹਿਣ ਲੱਗਾ ਤੂੰ ਇਥੋਂ ਸਵਾਰੀ ਨਹੀਂ ਚੁੱਕਣੀ ਜਿਸਤੇ ਮੈਂ ਉਸ ਨੂੰ ਦਸਿਆ ਕਿ ਮੈਂ ਸਵਾਰੀ ਚੁੱਕ ਨਹੀਂ ਰਿਹਾ ਸਗੋਂ ਉਤਾਰ ਰਿਹਾ ਹਾਂ। ਰਾਜਵੰਤ ਸਿੰਘ ਨੇ ਦਸਿਆ ਕਿ ਇਨਾ ਕਹਿਣ ਦੀ ਦੇਰ ਸੀ ਕਿ ਕਮਲੇਸ਼ ਪਾਂਡੇ ਨੇ ਮੈਨੂੰ ਟਾਇਮ ਪੁਛਿੱਆ ਜਦ ਮੈਂ ਸਮਾਂ ਦਸਿਆ ਤਾਂ ਕਮਲੇਸ਼ ਪਾਂਡੇ ਜੋ ਉਸ ਸਮੇਂ ਸਿਗਰੇਟ ਪੀ ਰਿਹਾ ਸੀ ਅਤੇ ਸ਼ਰਾਬੀ ਹਾਲਤ ਵਿਚ ਸੀ ਨੇ ਮੇਰੇ ਮੂੰਹ ਤੇ ਸਿਗਰਟ ਦਾ ਧੂੰਆਂ ਮਾਰਕੇ ਕਿਹਾ ਲੈ ਸਰਦਾਰਾਂ ਦੇ ਬਾਰਾਂ ਵੱਜਗੇ। ਇਸ ਤੋਂ ਬਾਅਦ ਮੈਨੂੰ ਕਮਲੇਸ਼ ਫੜਕੇ ਅੰਦਰ ਲੈ ਗਿਆ । ਰਾਜਵੰਤ ਸਿੰਘ ਨੇ ਦਸਿਆ ਕਿ ਜਿਥੇ ਬ੍ਰਿਜੇਸ਼ ਪਾਂਡੇ ਅਤੇ ਉਸਦਾ ਡਰਾਇਵਰ ਪਹਿਲਾਂ ਹੀ ਮੌਜੂਦ ਸਨ ਅਤੇ ਅੰਦਰ ਜਾਂਦਿਆਂ ਹੀ ਕਮਲੇਸ਼ ਪਾਂਡੇ ਨੇ ਮੈਨੂੰ ਥੱਲੇ ਸੁੱਟ ਲਿਆ , ਦੂਜੇ ਦੋਹਾਂ ਨੇ ਮੈਨੂੰ ਥੱਲੇ ਬਾਹਾਂ ਤੋਂ ਦੱਬੀ ਰਖਿਆ ਤੇ ਮੇਰੀ ਦਾਹੜੀ ਤੇ ਪੈਰ ਰੱਖਿਆ ਪੱਗ ਉਤਾਰ ਦਿਤੀ ਜਦੋਂ ਕਿ ਮੈਂ ਇਕ ਪੂਰਨ ਅੰਮ੍ਰਿਤਧਾਰੀ ਗੁਰਸਿੱਖ ਹਾਂ।

ਰਾਜਵੰਤ ਨੇ ਕਿਹਾ ਕਿ ਜਦੋਂ ਮੈਂ ਉਨਾਂ ਕੋਲੋ ਛੁੱਟਕੇ ਬਾਹਰ ਆਇਆ ਤਾਂ 100 ਨੰਬਰ ਤੇ ਪੁਲਿਸ ਨੂੰ ਕਾਲ ਕੀਤੀ ਜਿਸਤੇ ਮੌਕੇ ਤੇ ਹੀ ਪੁਲਿਸ ਪਹੁੰਚ ਗਈ । ਪੁਲਿਸ ਨੇ ਮੈਨੂੰ ਬ੍ਰਿਜੇਸ਼ ਪਾਂਡੇ ਦੇ ਦਫ਼ਤਰ ਅੰਦਰ ਬੁਲਾ ਲਿਆ ਤੇ ਕੁਰਸੀ ਤੇ ਬੈਠ ਕੇ ਸ਼ਿਕਾਇਤ ਲਿਖਣ ਨੂੰ ਕਿਹਾ ਤੇ ਜਦੋਂ ਕੁਰਸੀ ਤੇ ਬੈਠ ਕੇ ਸ਼ਿਕਾਇਤ ਲਿਖਣ ਲੱਗਾ ਤਾਂ ਕਮਲੇਸ਼ ਪਾਂਡੇ ਮੁੜ ਬਾਹਰੋਂ ਅੰਦਰ ਆ ਗਿਆ ਤੇ ਕੁਰਸੀ ਨੂੰ ਲੱਤ ਮਾਰਕੇ ਮੈਨੂੰ ਅਤੇ ਪੁਲਿਸ ਨੂੰ ਗਾਲਾਂ ਕਢੱਣ ਲੱਗ ਪਿਆ ਜਿਸ ਤੇ ਪੁਲਿਸ ਉਸਨੂੰ ਫੜਕੇ ਥਾਣੇ ਲੈ ਗਈ। ਉਸਤੋਂ ਬਾਅਦ ਇਕ ਸ਼ਸ਼ੀ ਸ਼ੰਕਰ ਤਿਵਾੜੀ ਕਾਂਗਰਸੀ ਲੀਡਰ ਵੀ ਪਹੁੰਚ ਗਿਆ ਜੋ ਪਾਂਡੇ ਭਰਾਵਾਂ ਦਾ ਰਿਸ਼ਤੇਦਾਰ ਹੋਣ ਦਾ ਪਤਾ ਲੱਗਾ। ਜਿਸਨੇ ਮੈਨੂੰ ਥਾਣੇ ਵਿਚ ਧਮੱਕੀ ਦਿੰਦਿਆਂ ਕਿਹਾ ਕਿ ਜੇ ਸਰਦਾਰ ਦੀ ਦਾਹੜੀ ਪੁੱਟੀ ਗਈ ਤਾਂ ਕਿਹੜਾ ਤੂਫਾਨ ਆ ਗਿਆ।

ਰਾਜਵੰਤ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਉਸਨੂੰ ਆਪਣੀ ਸ਼ਿਕਾਇਤ ਵਾਪਿਸ ਲੈਣ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ । ਜਿਸਤੇ ਅੱਜ ਸੰਗਰਾਂਦ ਮੌਕੇ ਮੈਂ ਸਵੇਰੇ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਸੰਗਤ ਨੂੰ ਆਪਣੇ ਨਾਲ ਬੀਤੀ ਸਾਰੀ ਘਟਨਾ ਵਾਰੇ ਦਸਿਆ । ਜਿਸ ਤੇ ਉਥੋਂ ਦੇ ਮੁੱਖੀ ਸ਼ਿੰਗਾਰਾ ਸਿੰਘ ਨੇ ਸਮੂਚੀ ਸੰਗਤ ਸਮੇਤ ਉਸਨੂੰ ਇੰਨਸਾਫ਼ ਦਿਵਾਉਣ ਦਾ ਭਰੋਸਾ ਦਿਤਾ ਅਤੇ ਚੰਡੀਗੜ੍ਹਦੇ ਸਮੁੱਚੇ ਪੰਥਕ ਆਗੂ ਅਤੇ ਸੰਗਤਾਂ ਵਿਚ ਰੋਸ ਪਾਏ ਜਾਣ ਤੇ ਪੁਲਿਸ ਨੇ ਆਪਣੀ ਕਾਰਵਾਈ ਤੇਜ ਕਰ ਦਿਤੀ ,ਕਮਲੇਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਕੀ ਦੋਸ਼ੀਆਂ ਵਾਰੇ ਤਫਤੀਸ਼ ਕੀਤੇ ਜਾਣ ਤੋਂ ਬਾਅਦ ਅਗਲੀ ਕਾਰਵਾਈ ਕੀਤੇ ਜਾਣ ਲਈ ਕਿਹਾ। ਸੰਗਤਾਂ ਵਲੋਂ ਸਵੇਰ ਤੋਂ ਹੀ ਗੁ. ਸਾਹਿਬ ਵਿਚ ਭਾਰੀ ਇਕੱਠ ਰਿਹਾ ਸ਼ਾਂਤੀ ਬਰਕਾਰ ਰਖਦਿਆਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਪਰ ਜਦੋਂ ਪੁਲਿਸ ਵਲੋਂ ਕਾਰਵਾਈ ਵਿਚ ਢਿਲ ਮਠ ਵਿਖਾਈ ਜਾਣ ਲੱਗੀ ਤਾਂ ਸੰਗਤਾਂ ਨੇ ਦੜੂਆ ਪੁਲਿਸ ਚੌਂਕੀ ਦਾ ਘਿਰਾਓ ਕਰਦਿਆਂ ਸੜਕ ਤੇ ਹੀ ਦਰੀਆਂ ਵਿੱਛਾ ਲਈਆਂ।

ਜਿਸ ਤੇ ਦੇਰ ਸ਼ਾਮ ਧਰਨੇ ਵਾਲੀ ਥਾਂ ਤੇ ਡਾ. ਗੁਰਇਕਬਾਲ ਸਿੰਘ ਸਿੱਧੂ ਏ ਸੀ ਪੀ (ਇਸਟ ਚੰਡੀਗੜ)ਨੇ ਸੰਗਤਾਂ ਨੂੰ ਭਰੋਸਾ ਦਿਤਾ ਕਿ ਜਲਦੀ ਬਾਕੀ ਦੋਸ਼ੀਆਂ ਨੂੰ ਵੀ ਤਫ਼ਤੀਸ਼ ਬਾਅਦ ਕਾਬੂ ਕਰਕੇ ਜ਼ੇਲ ਭੇਜਿਆ ਜਾਵੇਗਾ। ਕਮਲੇਸ਼ ਪਾਂਡੇ ਦੇ ਖਿਲਾਫ਼ ਐਫ.ਆਈ.ਆਰ ਨੰ: 336 ਵਿਚ 295ਏ ਆਈ ਪੀ ਸੀ ਤਹਿਤ ਮੁਕਦਮਾ ਦਾਇਰ ਕਰਕੇ ਜ਼ੇਲ ਭੇਜ ਦਿਤਾ ਗਿਆ ਹੈ। ਜਦਕਿ ਬਾਕੀ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਸੰਗਤ ਵਲੋਂ ਦੋਸ਼ੀਆਂ ਦਾ ਦਫ਼ਤਰ ਬੰਦ ਕਰਨ ਦੀ ਵੀ ਮੰਗ ਕੀਤੀ।ਪ੍ਰਾਪਤ ਜਾਣਕਾਰੀ ਅਨੁਸਾਰ ਪਾਂਡੇ ਭਰਾਵਾਂ ਦਾ ਪਿਛੋਕੜ ਵੀ ਅਪਰਾਧੀਆਂ ਦੀ ਸੂਚੀ ਵਿਚ ਦਰਜ ਹੈ।

ਅਜ ਇਸ ਘਟਨਾ ਦੇ ਖਿਲਾਫ਼ ਇੰਨਸਾਫ਼ ਲੈਣ ਵਾਲਿਆ ਵਿਚ ਰਾਜਵੰਤ ਸਿੰਘ ਦੇ ਨਾਲ , ਹਲੋਮਾਜਰਾ ਦੇ ਸਰਪੰਚ ਸੁਖਜੀਤ ਸਿੰਘ , ਸ. ਗੁਰਨਾਮ ਸਿੰਘ ਸਿੱਧੂ, ਬੀਬੀ ਪ੍ਰੀਤਮ ਕੌਰ, ਸ. ਰਿਆੜ, ਗੋਰਾ ਕੰਗ, ਬੀਬੀ ਕਰਜੀਤ ਕੋਰ ਤੋਂ ਇਲਾਵਾ ਪਿੰਡ ਦੜੂਆ ਦੀ ਸਮੁੱਚੀ ਸੰਗਤ ਮੋਜੂਦ ਸੀ। ਇੰਨਸਾਫ ਦੀ ਮੰਗ ਕਰ ਰਹੀ ਸੰਗਤ ਵਲੋਂ ਭਾਵੇਂ ਅੱਜ ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਦਿਤਾ ਗਿਆ ਪਰ ਦੋਸ਼ੀਆਂ ਖਿਲਾਫ਼ ਜਲਦੀ ਕੋਈ ਕਾਰਵਾਈ ਨਾ ਹੋਣ ਦੀ ਸੁਰਤ ਵਿਚ ਧਰਨਾਂ ਦੁਬਾਰਾ ਲਗਾਉਣ ਦੀ ਵੀ ਚੇਤਾਵਨੀ ਦਿਤੀ।