ਗੁਰੂ ਗ੍ਰੰਥ ਸਾਹਿਬ ਦਾ ੳੁਰਦੂ ਅਨੁਵਾਦ ਛਾਪਣ ਤੋਂ ਪਿੱਛੇ ਹਟੀ ਸ਼੍ਰੋਮਣੀ ਕਮੇਟੀ

By November 15, 2015 0 Comments


ratan singhਪਟਿਆਲਾ, (15 ਨਵੰਬਰ,ਗੁਰਨਾਮ ਸਿੰਘ ਅਕੀਦਾ):ਆਲ ਇੰਡੀਆ ਰੇਡਿਓ ਦੇ ਸੇਵਾਮੁਕਤ ਡਾਇਰੈਕਟਰ ਰਤਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਵਿੱਚ ਅਨੁਵਾਦ ਕੀਤਾ ਹੈ ਪਰ ਸ਼੍ਰੋਮਣੀ ਕਮੇਟੀ ਇਸ ਨੂੰ ਛਪਵਾਉਣ ਲਈ ਤਿਆਰ ਨਹੀਂ ਹੈ। ਪੰਜਾਬੀ ਦੀਆਂ 10 ਅਤੇ ਉਰਦੂ ਦੀਆਂ 33 ਕਿਤਾਬਾਂ ਲਿਖਣ ਵਾਲੇ 88 ਸਾਲਾ ਰਤਨ ਸਿੰਘ ਨੇ ਕਿਹਾ ਕਿ ੳੁਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਵਿੱਚ ਅਨੁਵਾਦ ਪੂਰਾ ਤਾਂ ਕਰ ਲਿਆ ਹੈ ਪਰ ਸ਼ਾਇਦ ੳੁਨ੍ਹਾਂ ਦੀਆਂ ਅੱਖਾਂ ਇਸ ਨੂੰ ਛਪਿਆ ਹੋਇਆ ਨਾ ਦੇਖ ਸਕਣ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਤਾਂ ਬਿਲਕੁਲ ਹੀ ਜਵਾਬ ਦੇ ਦਿੱਤਾ ਹੈ। ਰਤਨ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ ਉਰਦੂ ਦੀ ਕਾਨਫ਼ਰੰਸ ’ਚ ਕੁੰਜੀਵਤ ਭਾਸ਼ਨ ਦੇਣ ਪੁੱਜੇ ਸਨ। ਇੱਥੇ ਉਨ੍ਹਾਂ ਨੇ ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਰਤਨ ਸਿੰਘ ਨੇ ਕਿਹਾ ਕਿ ਜਦੋਂ ੳੁਹ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰ ਰਹੇ ਸਨ ਤਾਂ ੳੁਨ੍ਹਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਗੱਲ ਹੋਈ ਸੀ ਪਰ ਕੁਝ ਕਾਰਨਾਂ ਕਰ ਕੇ ਗੱਲ ਅੱਧ ਵਿਚਾਲੇ ਰਹਿ ਗਈ।

ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨੂੰ ਛਾਪਣ ਲਈ ਉਰਦੂ ਅਕਾਦਮੀ ਨੇ ਹਾਮੀ ਭਰੀ, ਜਿਸ ਲਈ ਸ਼੍ਰੋਮਣੀ ਕਮੇਟੀ ਤੋਂ ‘ਕੋਈ ਇਤਰਾਜ਼ ਨਹੀਂ’ ਦਾ ਪ੍ਰਮਾਣ ਪੱਤਰ ਵੀ ਲਿਆ ਗਿਆ ਪਰ ਅਕਾਦਮੀ ਦੇ ਅਧਿਕਾਰੀ ਬਦਲ ਜਾਣ ਕਰ ਕੇ ਉਨ੍ਹਾਂ ਨੇ ਧਾਰਮਿਕ ਗ੍ਰੰਥ ਹੋਣ ਦਾ ਬਹਾਨਾ ਲਾ ਕੇ ਛਾਪਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਰਤਨ ਸਿੰਘ ਨੇ ਮੁਡ਼ ਸ਼੍ਰੋਮਣੀ ਕਮੇਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਬਾਂਹ ਨਹੀਂ ਫੜਾਈ। ਰਤਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਰਦੂ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਸ਼੍ਰੋਮਣੀ ਸਾਹਿਤਕਾਰ, ਅੰਤਰਰਾਸ਼ਟਰੀ ਉਰਦੂ ਐਵਾਰਡ, ਸਾਹਿਤ ਅਕਾਦਮੀ ਐਵਾਰਡ, ਯੂਪੀ ਪ੍ਰਮੁੱਖ ਉਰਦੂ ਐਵਾਰਡ ਹਾਸਲ ਕਰ ਚੁੱਕੇ ਰਤਨ ਸਿੰਘ ਨੇ ਕਿਹਾ ਕਿ ਜਦੋਂ ੳੁਨ੍ਹਾਂ ਨੇ ਅਨੁਵਾਦ ਪੂਰਾ ਕਰ ਲਿਆ ਤਾਂ ੳੁਨ੍ਹਾਂ ਦੀ ਲੇਖਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਭਾਵ ਪੈਣ ਕਰ ਕੇ ਕੁਝ ਵਿਦਵਾਨਾਂ ਨੇ ੳੁਨ੍ਹਾਂ ਨੂੰ ‘ਗਿਆਨ ਧਿਆਨ ਦਾ ਮੁਸਾਫ਼ਰ’ ਵੀ ਕਿਹਾ। ੳੁਨ੍ਹਾਂ ਕਿਹਾ ਕਿ ਕਈ ਵਾਰ ੳੁਹ ਸੋਚਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨੂੰ ਖ਼ੁਦ ਹੀ ਛਪਵਾ ਦੇਣ, ਪਰ ਹਾਲੇ ਵੀ ੳੁਨ੍ਹਾਂ ਨੂੰ ਆਸ ਹੈ ਕਿ ਕੋਈ ਸੰਸਥਾ ਉਨ੍ਹਾਂ ਦੀ ਘਾਲਣਾ ਨੂੰ ਸੰਗਤ ਤੱਕ ਪਹੁੰਚਾਏਗੀ।

Posted in: ਪੰਜਾਬ