ਅਕਾਲੀ ਵਿਧਾਇਕਾਂ ਦੇ ਘਰ ਬਣੇ ਪੁਲੀਸ ਛਾੳੁਣੀਆਂ

By November 15, 2015 0 Comments


policeਫ਼ਰੀਦਕੋਟ, 15 ਨਵੰਬਰ: ਪੰਥਕ ਧਿਰਾਂ ਵੱਲੋਂ ਅਕਾਲੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦਾ ਘਿਰਾਓ ਕਰਨ ਦੇ ਸੱਦੇ ਨੂੰ ਪੁਲੀਸ ਨੇ ਗੰਭੀਰਤਾ ਨਾਲ ਲਿਆ। ਪੰਥਕ ਧਿਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲੀਸ ਨੇ ਅਕਾਲੀ ਵਿਧਾਇਕਾਂ ਦੇ ਘਰਾਂ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਕਾਲੀ ਵਿਧਾਇਕ ਪਹਿਲਾਂ ਹੀ ਆਪਣੇ ਘਰਾਂ ’ਚੋਂ ਨਿਕਲ ਗਏ। ਪੁਲੀਸ ਨੇ ਪੰਥਕ ਧਿਰਾਂ ਦੇ ਸੱਦੇ ਨੂੰ ਅਸਫ਼ਲ ਕਰਨ ਲਈ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਛਾਪੇ ਮਾਰ ਕੇ ਚਾਰ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਹੁਤੇ ਸਿੱਖ ਆਗੂ ਪੁਲੀਸ ਦੇ ਹੱਥ ਨਹੀਂ ਲੱਗੇ।

ਪਿੰਡ ਵਾਂਦਰ ਜਟਾਣਾ ਵਿੱਚ ਪੁਲੀਸ ਨੇ ਅਕਾਲੀ ਦਲ (ਅ) ਦੇ ਆਗੂ ਚੰਨਣ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਅਾ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਅਾ। ਸੂਤਰਾਂ ਮੁਤਾਬਕ ਛਾਪੇ ਦੌਰਾਨ ਚੰਨਣ ਸਿੰਘ ਦੇ ਪਿਤਾ ਨਾਜਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ੳੁਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਕਿਸੇ ਵਿਵਾਦ ਵਿੱਚ ਫਸਣ ਦੇ ਡਰੋਂ ੳੁਥੋਂ ਪਰਤਣਾ ਹੀ ਬਿਹਤਰ ਸਮਝਿਆ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਘਰ ਪੁਲੀਸ ਛਾਉਣੀ ਬਣਿਆ ਰਿਹਾ। ਬਹੁਤੇ ਅਕਾਲੀ ਆਗੂ ਅੱਜ ਇਲਾਕੇ ’ਚ ਹੋਣ ਵਾਲੇ ਜਨਤਕ ਸਮਾਗਮਾਂ ਵਿੱਚ ਵੀ ਨਹੀਂ ਗਏ। ਅਕਾਲੀ ਦਲ (ਅ) ਦੇ ਆਗੂ ਸੁਰਜੀਤ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਪੁਲੀਸ ਬਿਨਾਂ ਵਜ੍ਹਾ ਪੰਥਕ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਰੇ ਜ਼ਿਲ੍ਹੇ ਵਿੱਚ ਛਾਪੇ ਮਾਰਦੀ ਰਹੀ। ਡੀਐਸਪੀ ਸੁਖਦੇਵ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਮਾਹੌਲ ਸ਼ਾਂਤ ਰੱਖਣ ਲਈ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Posted in: ਪੰਜਾਬ