ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ : ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਪ੍ਰਚਾਰਕ

By November 15, 2015 0 Comments


panthਬਠਿੰਡਾ, 15 ਨਵੰਬਰ (ਸੰਤ ਸਿੰਘ): ੨੫ ਅਕਤੂਬਰ ਨੂੰ ਬਰਗਾੜੀ ਵਿਖੇ ਸ਼ਹੀਦਾਂ ਦੇ ਭੋਗ ਸਮੇਂ ਐਲਾਨ ਕੀਤੇ ਪ੍ਰੋਗਰਾਮ ਮੁਤਾਬਿਕ ਮੁੱਖ ਤੌਰ ‘ਤੇ ਤਿੰਨ ਮੰਗਾਂ (੧) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ (੨) ਪੰਜਾਬ ਪੁਲਿਸ ਵੱਲੋਂ ਗਲਤ ਤੌਰ ‘ਤੇ ਫੜੇ ਗਏ ਸਿੱਖ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ (੩) ਪਿੰਡ ਬਹਿਬਲ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂ ‘ਤੇ ਬਾਈ ਨੇਮ ਧਾਰਾ ੩੦੨ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀਆਂ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੂੰ ੧੫ ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਉਪ੍ਰੰਤ ਮਤਾ ਨੰ: ੯ ਮੁਤਾਬਿਕ ਘਿਰਾਉ ਕਰਨ ਦਾ ਪ੍ਰੋਗਰਾਮ ਸੀ। ਇਸ ਮਤੇ ‘ਤੇ ਅਮਲ ਕਰਨ ਲਈ ਰਣਨੀਤੀ ਤਹਿ ਕਰਨ ਲਈ ਅੱਜ ਸਿੱਖ ਪ੍ਰਚਾਰਕਾਂ ਦੀ ਬਠਿੰਡਾ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।ਇਸ ਮੀਟਿੰਗ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਆ ਕੇ ਸਿੱਖ ਪ੍ਰਚਾਰਕਾਂ ਦੀ ਘਰ ਵਿੱਚ ਨਜ਼ਰਬੰਦੀ/ਗ੍ਰਿਫਤਾਰੀ ਦਾ ਸਖਤ ਨੋਟਿਸ ਲੈਂਦੇ ਹੋਏ ਮੀਟਿੰਗ ਵਿੱਚ ਸ਼ਾਮਲ ਪ੍ਰਚਾਰਕਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਦਮਨਕਾਰੀ ਨੀਤੀ ਨਾ ਬਦਲੀ ਗਈ ਤਾਂ ਉਸ ਨੂੰ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ।ਬਾਕੀ ਪ੍ਰਚਾਰਕਾਂ ਨੇ ਵੀਚਾਰ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਵਿੱਚੋਂ ਮੰਗ ਨੰਬਰ (੧) ਭਾਵ ਬੇਅਦਬੀ ਵਾਲਾ ਮਾਮਲਾ ਅਜੇ ਹੱਲ ਨਹੀਂ ਹੋਇਆ। (੨) ਨਜਾਇਜ਼ ਤੌਰ ‘ਤੇ ਫੜੇ ਗਏ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਬੇਕਸੂਰ ਦੱਸ ਕੇ ਛੱਡ ਦਿੱਤਾ ਹੈ। ਤੀਸਰੀ ਮੰਗ ਸਬੰਧੀ ਪੁਲਿਸ ਵੱਲੋਂ ਐੱਫ ਆਈ ਆਰ ਨੰ: ੧੩੦ ਮਿਤੀ ੨੧.੧੦.੨੦੧੫ ਜਿਹੜੀ ਕਿ ਪਹਿਲਾਂ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਨਤਕ ਕਰਨ ਤੋਂ ਰੋਕੀ ਗਈ ਸੀ; ਉਸ ਦੀ ਕਾਪੀ ਮਿਲ ਗਈ ਹੈ; ਜਿਸ ਵਿੱਚ ਚਰਨਜੀਤ ਸ਼ਰਮਾ ਮੁਕਾਮੀ ਐੱਸਐੱਸਪੀ ਮੋਗਾ ਅਤੇ ਉਸ ਦੀ ਪੁਲਿਸ ਪਾਰਟੀ ਤਾਇਨਾਤ ਹੋਣੀ ਦੱਸ ਕੇ ਅਤੇ ਪੋਸਟ ਮਾਰਟਮ ਰੀਪੋਰਟ ਵਿੱਚ ਗੋਲੀ ਚੱਲੀ ਹੋਣ ਦੀ ਪੁਸ਼ਟੀ ਹੋਣ ਕਰਕੇ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ ੩੦੨ ਅਧੀਨ ਕੇਸ ਦਰਜ ਕੀਤਾ ਹੋਇਆ ਹੈ।

ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਦੱਸਿਆ ਕਿ ਐੱਫ ਆਈ ਆਰ ਨੰ: ੧੩੦ ਮਿਤੀ ੨੧.੧੦.੨੦੧੫ ‘ਤੇ ਕਾਨੂੰਨੀ ਕਾਰਵਾਈ ਕਰਕੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਚਰਨਜੀਤ ਸ਼ਰਮਾ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪਰ ਅਗਲੀ ਰਣਨੀਤੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਦੀ ਘੇਰਾਬੰਦੀ ਖਤਮ ਕਰਨ ਉਪ੍ਰੰਤ ਸੰਘਰਸ਼ ਵਿੱਚ ਸ਼ਾਮਲ ਸਾਰੇ ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਪੰਥਪ੍ਰੀਤ ਸਿੰਘ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਨਿਰਮਲ ਸਿੰਘ ਧੂੜਕੋਟ ਅਤੇ ਦਸਤਾਰ ਸੰਭਾਲ ਜਥੇਬੰਦੀ ਦੇ ਭਾਈ ਪਰਗਟ ਸਿੰਘ ਭੋਡੀਪੁਰਾ ਆਦਿਕ ਸ਼ਾਮਲ ਸਨ।