ਸੁਖਬੀਰ ਵਲੋਂ ਸੂਬੇ ਦੇ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਝਾਕਣਾ ਸ਼ਰਮਨਾਕ ਤੇ ਗੈਰਕਾਨੂਨੀ-ਮਨਪ੍ਰੀਤ ਬਾਦਲ

By November 15, 2015 0 Comments


ਚੰਡੀਗੜ੍ਹ, 15 ਨਵੰਬਰ: ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਟੈਲੀਫੋਨ ਟੈਪਿੰਗ ਰਾਹੀਂ ਸੂਬੇ ਦੇ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜੀ ਕਰਨ ਦੀ ਕਾਰਵਾਈ ਨੂੰ ਸ਼ਰਮਨਾਕ ਤੇ ਗੈਰਕਾਨੂੰਨੀ ਕਰਾਰ ਦਿੰਦਿਆਂ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਅਜਿਹਾ ਕਰਕੇ ਲੋਕਾਂ ਦੀਆਂ ਸ਼ਹਿਰੀ ਆਜ਼ਾਦੀਆਂ ਅਤੇ ਬੁਨਿਆਦੀ ਹੱਕ ਕੁਚਲੇ ਜਾ ਰਹੇ ਹਨ।

ਮਨਪ੍ਰੀਤ ਬਾਦਲ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸਵਾਲ ਇਹ ਨਹੀਂ ਕਿ ਕਿਹੜੇ ਵਿਅਕਤੀਆਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ, ਬਲਕਿ ਮਾਮਲਾ ਇਹ ਹੈ ਕਿ ਅਕਾਲੀ ਸਰਕਾਰ ਦੇ ਮੰਤਰੀ ਤੇ ਅਹਿਲਕਾਰ ਆਪਣੀ ਸਿਆਸੀ ਨੁਕਤਾਚੀਨੀ ਨੂੰ ਠੀਕ ਸਿੱਧ ਕਰਨ ਲਈ ਪੱਤਰਕਾਰਾਂ ਨੂੰ ਫੋਨ ਟੈਪਿੰਗ ਦੀ ਰਿਕਾਰਡਿੰਗ ਸੁਣਾ ਰਹੇ ਹਨ। ਉਹ ਆਪਣੀ ਸਿਆਸੀ ਬਦਲਾਖ਼ੋਰੀ ਦੀ ਲੜੀ ਜਾ ਰਹੀ ਲੜਾਈ ਵਿਚ ਠੀਕ ਹੋ ਸਕਦੇ ਹਨ, ਪਰ ”ਮੇਰਾ ਸਰੋਕਾਰ ਤਾਂ ਇਸ ਬੁਨਿਆਦੀ ਸਵਾਲ ਨਾਲ ਹੈ ਕਿ ਕੀ ਕਿਸੇ ਵੀ ਵਿਅਕਤੀ ਦਾ ਫੋਨ ਟੇਪ ਕਰਕੇ ਉਸ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜੀ ਕਰਨਾ ਜਾਇਜ਼ ਹੈ?” ਉੁਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਿਹੜਾ ਅਧਿਕਾਰੀ ਜਾਂ ਸਰਕਾਰੀ ਏਜੰਸੀ ਫੋਨ ਟੇਪ ਕਰ ਰਹੀ ਹੈ ਕਿਉਂਕਿ ਇਹ ਕਾਰਵਾਈ ਇੱਕ ਖ਼ਾਸ ਹਾਲਤ ਵਿਚ ਉੱਚ ਪੱਧਰ ਉੱਤੇ ਹੀ ਹੋ ਸਕਦੀ ਹੈ।

ਪੀਪੀਪੀ ਮੁੱਖੀ ਨੇ ਕਿਹਾ ਕਿ ਇਹ ਗੰਭੀਰ ਮਸਲਾ ਪੰਜਾਬ ਨਾਲ ਸਬੰਧਤ ਹੋਣ ਕਰ ਕੇ, ਸੂਬੇ ਦੇ ਗ੍ਰਹਿ ਮੰਤਰੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਗੈਰਕਾਨੂੰਨੀ ਕਾਰਵਾਈ ਕੌਣ ਅਤੇ ਕਿਸ ਦੇ ਹੁਕਮਾਂ ਨਾਲ ਕਰ ਰਿਹਾ ਹੈ। ਇਹ ਬਹੁਤ ਹੀ ਖ਼ਤਰਨਾਕ ਰੁਝਾਨ ਤੁਰੰਤ ਖਤਮ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਤਾਂ ਪਤਾ ਸੀ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਰਾਜਸੀ ਵਿਰੋਧੀਆਂ ਦੇ ਫੋਨ ਗੈਰਕਾਨੂੰਨੀ ਢੰਗ ਨਾਲ ਸੁਣੇ ਅਤੇ ਟੈਪ ਕੀਤੇ ਜਾ ਰਹੇ ਹਨ, ਪਰ ਇਹ ਪਹਿਲੀ ਵਾਰੀ ਸਾਹਮਣੇ ਆਇਆ ਹੈ ਕਿ ਹਰ ਸਾਧਾਰਣ ਤੋਂ ਸਾਧਾਰਣ ਵਿਅਕਤੀਆਂ ਦੇ ਫੋਨ ਵੀ ਗੈਰਕਾਨੂੰਨੀ ਢੰਗ ਨਾਲ ਸੁਣੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਲੋਕਾਂ ਦੀਆਂ ਸ਼ਹਿਰੀ ਆਜ਼ਾਦੀਆਂ ਤੇ ਬੁਨਿਆਦੀ ਅਧਿਕਾਰ ਉੱਤੇ ਛਾਪੇ ਮਾਰਨ ਦੀਆਂ ਕੋਝੀਆਂ ਕਾਰਵਾਈਆਂ ਡਿਕਟੇਟਰ ਸਰਕਾਰਾਂ ਵਿਚ ਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਪੰਜਾਬ ਸਰਕਾਰ ਵੀ ਹੁਣ ਜਮਹੂਰੀਅਤ ਦੇ ਸਾਰੇ ਅਸੂਲਾਂ ਨੂੰ ਛਿੱਕੇ ਉੱਤੇ ਟੰਗ ਕੇ ਡਿਕਟੇਟਰਾਨਾ ਰਾਹ ਉੱਤੇ ਤੁਰ ਪਈ ਹੈ ਜਿਸ ਦੇ ਬਹੁਤ ਹੀ ਗੰਭੀਰ ਸਿੱਟੇ ਨਿਕਲਣਗੇ।

ਸੂਬੇ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਪਹਿਲਾਂ ਫੋਨ ਟੈਪਿੰਗ ਦੀ ਇਹ ਰਿਕਾਰਡਿੰਗ ਸੁਣਾਉਣ ਲਈ ੧੩ ਨਵੰਬਰ ਨੂੰ ਪ੍ਰੈਸ ਕਾਨਫਰੰਸ ਰੱਖੀ ਸੀ, ਪਰ ਕਾਨੂੰਨੀ ਅੜਿੱਚਣਾਂ ਤੋਂ ਡਰਦਿਆਂ ਇਹ ਪੈਸ ਕਾਨਫÂੰਸ਼ ਰੱਦ ਕਰ ਕੇ ਪਹਿਲਾਂ ਇਹ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਪਾਈ ਗਈ ਅਤੇ ਫਿਰ ਦੂਜੇ ਦਿਨ ਪੱਤਰਕਾਰਾਂ ਨੂੰ ਸੁਣਾਈ ਗਈ ਤਾਂ ਕਿ ਫੋਨ ਟੈਪਿੰਗ ਦੇ ਗੰਭੀਰ ਮਾਮਲੇ ਤੋਂ ਪੱਲਾ ਝਾੜਿਆ ਜਾ ਸਕੇ।

ਮਨਪ੍ਰੀਤ ਬਾਦਲ ਨੇ ਮਾਣਯੋਗ ਪੰਜਾਬ ਦੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਸ਼ਹਿਰੀ ਆਜ਼ਾਦੀਆਂ ਨਾਲ ਸਬੰਧਤ ਇਸ ਮਾਮਲੇ ਦਾ ਖ਼ੁਦ ਨੋਟਿਸ ਲੈ ਕੇ ਸੂਬੇ ਦੇ ਗ੍ਰਹਿ ਮੰਤਰੀ ਤੇ ਗ੍ਰਹਿ ਸਕੱਤਰ ਦੀ ਜਵਾਬ ਤਲਬੀ ਕੀਤੀ ਜਾਵੇ।

Posted in: ਪੰਜਾਬ