ਬਾਬਾ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਸਮੇਤ ਅਨੇਕਾਂ ਬਾਬੇ ਘਰਾਂ ‘ਚ ਨਜ਼ਰਬੰਦ

By November 15, 2015 0 Comments


ਜਲੰਧਰ, 15 ਨਵੰਬਰ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਦੀ ਘਟਨਾ ਬਾਅਦ ਹੋਈ ਬਰਗਾੜੀ ਕਾਨਫ਼ਰੰਸ ਵੱਲੋਂ 15 ਨਵੰਬਰ ਤੋਂ ਵਜ਼ੀਰਾਂ, ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਦੇ ਘਿਰਾਓ ਦੇ ਦਿੱਤੇ ਸੱਦੇ ਨੂੰ ਵੇਖਦਿਆਂ ਪੁਲਿਸ ਨੇ ਬੀਤੀ ਰਾਤ ਤੋਂ ਹੀ ਵੱਡੀ ਗਿਣਤੀ ਵਿਚ ਪੰਥਕ ਪ੍ਰਚਾਰਕਾਂ ਦੇ ਘਰਾਂ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਸੰਤ ਰਣਜੀਤ ਸਿੰਘ ਢੱਡਰੀਆਂ ਅਤੇ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਦੇ ਗੁਰਦੁਆਰਿਆਂ ਨੂੰ ਪੁਲਿਸ ਨੇ ਘੇਰੇ ਵਿਚ ਲੈ ਕੇ ਦੋਵਾਂ ਬਾਬਿਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਵਰਨਣਯੋਗ ਹੈ ਕਿ ਬਰਗਾੜੀ ਕਾਨਫ਼ਰੰਸ ‘ਚ ਸ਼ਾਮਿਲ ਸਾਰੀਆਂ ਸੰਸਥਾਵਾਂ ਦੇ ਆਗੂਆਂ ਦੀ ਬਠਿੰਡਾ ਵਿਖੇ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਨੂੰ ਅਸਫਲ ਬਣਾਉਣ ਲਈ ਜਿੱਥੇ ਉਕਤ ਦੋਵੇਂ ਪੰਥਕ ਪ੍ਰਚਾਰਕਾਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਹੋਇਆ ਹੈ, ਉਥੇ ਉੱਘੇ ਪੰਥਕ ਪ੍ਰਚਾਰਕ ਭਾਈ ਪੰਥ ਪ੍ਰੀਤ ਸਿੰਘ ਦੇ ਬਠਿੰਡਾ ਜ਼ਿਲ੍ਹੇ ‘ਚ ਪੈਂਦੇ ਪਿੰਡ ਭਾਈ ਬਖਤੌਰ ਵਿਚਲੇ ਘਰ ਦੁਆਲੇ ਵੀ ਪੁਲਿਸ ਸਵੇਰ ਤੋਂ ਹੀ ਘੇਰਾ ਪਾਈ ਬੈਠੀ ਰਹੀ। ਪਰ ਉਹ ਪਹਿਲੋਂ ਹੀ ਬਠਿੰਡੇ ਵਿਖੇ ਰੱਖੀ ਮੀਟਿੰਗ ਲਈ ਜਾ ਚੁੱਕੇ ਸਨ।