ਸ਼੍ਰੋਮਣੀ ਕਮੇਟੀ ਨੇ ਸਰਬੱਤ ਖਾਲਸਾ ਦੇ ਮਤਿਆ ਨੂੰ ਕੀਤਾ ਰੱਦ

By November 14, 2015 0 Comments


sgpc-meetingਅੰਮਿ੍ਤਸਰ : ਪਿਛਲੇ ਦਿਨੀ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਦੌਰਾਨ ਪਾਸ ਕੀਤੇ ਮਤਿਆ ਨੂੰ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਸ਼ਰੋਮਣੀ ਕਮੇਟੀ ਨੇ ਰੱਦ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਪੰਥਕ ਹਾਲਾਤਾਂ ‘ਤੇ ਨਜ਼ਰਸਾਨੀ ਲਈ ਅੰਤਿ੍ੰਗ ਕਮੇਟੀ ਦੀ ਹੰਗਾਮੀ ਬੈਠਕ ਪ੍ਰਧਾਨਗੀ ਰਘੁਜੀਤ ਸਿੰਘ ਵਿਰਕ ਨੇ ਕੀਤੀ।ਦਫ਼ਤਰ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਪ੍ਰਧਾਨ ਅਵਤਾਰ ਸਿੰਘ ਮੱਕੜ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚ ਸਕੇ।

ਰਘੁਜੀਤ ਸਿੰਘ ਨੇ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਸਾਜਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਮਨਸੂਬੇ ਤਹਿਤ ਇਕੱਠ ਕੀਤਾ ਜਿਸ ‘ਚ ਪੰਥਕ ਰਵਾਇਤਾਂ ਦਾ ਘਾਣ ਕਰਦਿਆਂ ਬਿਨ੍ਹਾਂ ਸਰਬ ਪ੍ਰਵਾਨਗੀ ਨਵੇਂ ਜਥੇਦਾਰ ਥਾਪੇ ਅਤੇ ਕੁਝ ਹੋਰ ਮਤੇ ਪਾਸ ਕੀਤੇ ਗਏ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਨੇ ਪੂਰੀ ਤਰ੍ਹਾਂ ਰੱਦ ਕੀਤਾ ਹੈ ।

ਬੰਦੀ ਛੋੜ ਦਿਵਸ ਮੌਕੇ ਹਰਿਮੰਦਰ ਸਾਹਿਬ ਵਿਖੇ ਪੰਥਕ ਰਵਾਇਤਾਂ ਮੁਤਾਬਕ ਦਰਸ਼ਨੀ ਡਿਓੜੀ ਤੋਂ ਕੌਮ ਦੇ ਨਾਂਅ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਦੇਸ਼ ਦਿੱਤਾ ਸੀ ਪਰ ਕੁਝ ਜਥੇਬੰਦੀਆਂ ਵੱਲੋਂ ਸਾਜਿਸ਼ ਤਹਿਤ ਇਸ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰਦਿਆਂ ਖਲਲ ਪਾ ਕੇ ਮਰਿਯਾਦਾ ਦੀ ਉਲੰਘਣਾ ਕੀਤੀ ।

ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਇਕ ਸਿਰਫਿਰੇ ਵੱਲੋਂ ਉਪਰ ਚੜ੍ਹ ਕੇ ਬਾਰੀਆਂ ਨੂੰ ਲੱਤਾਂ ਮਾਰ ਕੇ ਬੇਹੁਰਮਤੀ ਕੀਤੀ ਜਿਸ ਦੀ ਅੰਤਿ੍ੰਗ ਕਮੇਟੀ ਵੱਲੋਂ ਨਿੰਦਾ ਕੀਤੀ ਹੈ ।

ਇੱਕਤਰਤਾ ‘ਚ ਕੇਵਲ ਸਿੰਘ ਬਾਦਲ ਮੀਤ ਪ੍ਰਧਾਨ, ਦਿਆਲ ਸਿੰਘ ਕੋਲਿਆਂਵਾਲੀ, ਰਜਿੰਦਰ ਸਿੰਘ ਮਹਿਤਾ, ਗੁਰਬਚਨ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਗੜ੍ਹੀ, ਮੋਹਨ ਸਿੰਘ ਬੰਗੀ, ਰਾਮਪਾਲ ਸਿੰਘ ਬਹਿਣੀਵਾਲ, ਨਿਰਮੈਲ ਸਿੰਘ ਜੌਲਾਕਲਾ, ਹਰਚਰਨ ਸਿੰਘ, ਡਾ.ਰੂਪ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾਕੋਹਨਾ, ਜਤਿੰਦਰ ਸਿੰਘ ਆਦਿ ਮੌਜੂਦ ਸਨ ।

Posted in: ਪੰਜਾਬ