ਸਰਬੱਤ ਖਾਲਸਾ ਦੇ ਆਗੂਆਂ ‘ਤੇ ਮੁਕੱਦਮੇ ਦਰਜ਼ ਕਰਨ ਤੋਂ ਬਾਅਦ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦੇ ਵੇਰਵੇ ਇੱਕਠੇ ਕਰਨ ਲੱਗੀ ਪੁਲਿਸ

By November 14, 2015 0 Comments


ਫਤਿਹਗੜ੍ਹ ਸਾਹਿਬ – ਸਰਬੱਤ ਖਾਲਸਾ ਸਮਾਗਮ ਵਿੱਚ ਹਿੱਸਾ ਲੈਣ ਵਾਲਿਆ ਦੇ ਪੁਲਿਸ ਵੱਲੋਂ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸਮੇ ਬਰਗਾੜੀ ਰੋਸ ਧਰਨੇ ਵਿੱਚ ਸ਼ਾਮਲ ਹੋਈ ਸਿੱਖ ਸੰਗਤ ਦੀਆਂ ਸੂਚੀਅਾਂ ਤਿਆਰ ਕੀਤੀਅਾਂ ਸਨ। ਪੁਲੀਸ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਸਭ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਤਾ ਜਾ ਰਿਹਾ ਹੈ।

ਪਿਛਲੇ ਦਿਨੀ ਹੋਏ ਸਰਬੱਤ ਖਾਲਸਾ ਵਿੱਚ ਥਾਪੇ ਤਖਤ ਸਾਹਿਬਾਨ ਦੇ ਜੱਥੇਦਾਰਾਂ ਅਤੇ ਪ੍ਰਬੰਧਕਾਂ ਖਿਲਾਫ ਦੇਸ਼ ਧਰੋਹ ਦੇ ਮੁਕੱਦਮੇ ਦਰਜ਼ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਹਦਾਇਤ ‘ਤੇ ਹੁਣ ਪੁਲਿਸ ਸਰਬੱਤ ਖਾਲਸਾ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਸੂਚੀਆਂ ਤਿਆਰ ਕਰਨ ਲੱਗੀ ਹੋਈ ਹੈ।
ਉਪਰਲੇ ਅਧਿਕਾਰੀਆਂ ਵੱਲੋਂ ਪ੍ਰਾਪਤ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਵੱਡੇ-ਛੋਟੇ ਮੁਲਾਜ਼ਮ ਕੱਲ੍ਹ ਸਾਰੀ ਰਾਤ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਉਠਾ-ਉਠਾ ਕੇ ਉਨ੍ਹਾਂ ਲੋਕਾਂ ਦੇ ਵੇਰਵੇ ਇਕੱਠੇ ਕਰਦੇ ਰਹੇ, ਜੋ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਏ ਸਨ।

ਪੁਲੀਸ ਨੂੰ ਉਪਰੋਂ ਇਕ ਪ੍ਰੋਫਾਰਮਾ ਭੇਜਿਆ ਗਿਆ ਹੈ, ਜਿਸ ਵਿੱਚ ਸਬੰਧਤ ਵਿਅਕਤੀ ਦਾ ਪੂਰਾ ਜੀਵਨ ਬਿਓਰਾ ਇਕੱਠਾ ਕਰ ਕੇ ਉਪਰੋਕਤ ਪ੍ਰੋਫਾਰਮੇ ਵਿੱਚ ਭਰ ਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਕ ਪੁਲੀਸ ਅਧਿਕਾਰੀ ਮੁਤਾਬਕ ਸਰਕਾਰ ਇਨ੍ਹਾਂ ਲੋਕਾਂ ਦੀਆਂ ਸੂਚੀਅਾਂ ਨੂੰ ਆਪਣੇ ਰਿਕਾਰਡ ਵਿੱਚ ਰੱਖ ਰਹੀ ਹੈ ਅਤੇ ਸਮਾਂ ਆਉਣ ’ਤੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਾਕ ਵਿੱਚ ਹੈ।

ਅਕਾਲੀ ਦਲ (ਅ) ਦੇ ਜਰਨਲ ਸਕੱਤਰ ਜਸਕਰਣ ਸਿੰਘ ਕਾਹਨ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਕਿਹਾ ਹੈ ਕਿ ਸਰਕਾਰ ਕੋਝੇ ਹੱਥਕੰਡੇ ਅਪਣਾ ਕੇ ਸਿੱਖ ਸੰਗਤ ਨੂੰ ਡਰਾਉਣਾ ਚਾਹੰਦੀ ਹੈ ਪਰ ਸੰਗਤ ਪੰਥ ਦੀ ਰਾਖੀ ਲਈ ਹਰੇਕ ਕੁਰਬਾਨੀ ਕਰਨ ਨੂੰ ਤਿਆਰ ਹੈ।
Source : Punjabi Tribunesarbat 2

Posted in: ਪੰਜਾਬ