ਅਣਖ, ਗੌਰਵ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਗੁਰੂ ਗੋਬਿੰਦ ਸਿੰਘ

By November 13, 2015 0 Comments


guru gobing singh ji  chardi klaਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਇਕ ਬੜਾ ਕਠਿਨ ਕੰਮ ਹੈ, ਕਿਉਂਕਿ ਹਰ ਲੇਖਕ/ਕਵੀ ਦੀ ਆਪਣੀ ਇਕ ਸੀਮਾ ਹੁੰਦੀ ਹੈ। ਅੱਲਾ ਯਾਰ ਖਾਂ ਜੋਗੀ ਵਰਗਾ ਉਸਤਾਦ ਸ਼ਾਇਰ ਵੀ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਹੈ ਅਤੇ ਆਪਣੀ ਸਮਰੱਥਾ ‘ਤੇ ਸ਼ੱਕ ਕਰਦਾ ਹੋਇਆ ਲਿਖਦਾ ਹੈ-
ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ।
ਸਤਿਗੁਰੂ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ।
ਦਰਅਸਲ, ਗੁਰੂ ਸਾਹਿਬ ਬਾਰੇ ਲਿਖਣ ਵਾਲਾ ਲਗਭਗ ਹਰ ਲੇਖਕ/ਕਵੀ ਗੁਰੂ ਜੀ ਦੀ ਸ਼ਖ਼ਸੀਅਤ ਦੇ ਉਨ੍ਹਾਂ ਪੱਖਾਂ ਨੂੰ ਹੀ ਉਘਾੜਦਾ ਹੈ, ਜਿਹੜੇ ਪੱਖ ਉਸ ਦੇ ਮਨ ‘ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਉਂਜ ਤਾਂ ਗੁਰੂ ਸਾਹਿਬ ਬਹੁਪੱਖੀ ਵਡਿਆਈ ਦੇ ਮਾਲਕ ਹਨ ਪਰ ਜੇਕਰ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਹੁਤ ਹੀ ਸੰਖੇਪ ਵਿਚ ਬਿਆਨ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਕੋ ਸਮੇਂ ਬਾਦਸ਼ਾਹ ਤੇ ਦਰਵੇਸ਼ ਅਤੇ ਸੰਤ ਤੇ ਸਿਪਾਹੀ ਹਨ। ਇਹ ਗੱਲ ਵੱਖਰੀ ਹੈ ਕਿ ਸਿੱਖ ਆਪਣੇ ਮਹਾਨ ਨਾਇਕ ਨੂੰ ਸੰਤ ਨਾਲੋਂ ਸਿਪਾਹੀ ਵਜੋਂ ਵੱਧ ਮਾਨਤਾ ਦਿੰਦੇ ਹਨ। ਤਾਹੀਓਂ ਸਿੱਖਾਂ ਤੇ ਗ਼ੈਰ-ਸਿੱਖਾਂ ਨੇ ਵੀ ਉਨ੍ਹਾਂ ਨੂੰ ਯੁੱਧ ਦੇ ਮੈਦਾਨ ਨੂੰ ਜਾਂਦੇ ਹੀ ਚਿਤਰਿਆ ਹੈ। ਘੋੜੇ ‘ਤੇ ਸਵਾਰ ਅਤੇ ਹੱਥ ਵਿਚ ਤਲਵਾਰ ਹੈ। ਵੈਸੇ, ਗੁਰੂ ਗੋਬਿੰਦ ਸਿੰਘ ਦੇ ਕੱਦ-ਕਾਠ ਨੂੰ ਕੇਵਲ ਉਨ੍ਹਾਂ ਦੀਆਂ ਜੰਗੀ ਪ੍ਰਾਪਤੀਆਂ ਦੇ ਰਾਜ਼ ਨਾਲ ਨਹੀਂ ਮਾਪਿਆ ਜਾ ਸਕਦਾ, ਕਿਉਂਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਸਰਬ-ਪੱਖੀ ਹਨ। ਗੁਰੂ ਗੋਬਿੰਦ ਸਿੰਘ ਹਰ ਪੱਖ ਤੋਂ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਸਿਰਫ 42 ਸਾਲਾਂ ਦੇ ਆਪਣੇ ਜੀਵਨ-ਕਾਲ (1666-1708 ਈ:) ਦੌਰਾਨ ਵੱਡੀਆਂ ਮੱਲਾਂ ਮਾਰੀਆਂ। ਉਨ੍ਹਾਂ ਨੇ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ। -ਖੁਸ਼ਵੰਤ ਸਿੰਘ
ਗੱਲ ਕੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਹਿੱਕ ‘ਤੇ ਕਦੇ ਨਾ ਮਿਟਣ ਵਾਲੀਆਂ ਪੈੜਾਂ ਪਾ ਗਏ ਹਨ, ਜਿਨ੍ਹਾਂ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈਂਦੀਆਂ ਰਹਿਣਗੀਆਂ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਦੀ ਫਿਲਾਸਫੀ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਗੱਲ ਕਰਦੀ ਹੈ। ਮਿਸਾਲ ਵਜੋਂ, ਗੁਰੂ ਸਾਹਿਬ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਆਰੰਭਕ ਪੜਾਅ ਦੌਰਾਨ ਆਪਣੇ-ਆਪ ਨੂੰ ਵਾਹ ਲਗਦੀ ਪਹਾੜੀ ਰਾਜਿਆਂ ਨਾਲ ਛੋਟੇ-ਮੋਟੇ ਝਗੜਿਆਂ ਵਿਚ ਉਲਝਣ ਤੋਂ ਬਚਾਈ ਰੱਖਿਆ, ਕਿਉਂਕਿ ਉਹ ਅਜਿਹੇ ਝਗੜਿਆਂ ਵਿਚ ਆਪਣੀ ਸੈਨਿਕ ਸ਼ਕਤੀ ਨੂੰ ਕਮਜ਼ੋਰ ਨਹੀਂ ਸਨ ਕਰਨਾ ਚਾਹੁੰਦੇ, ਬਲਕਿ ਕੁਝ ਵਰ੍ਹਿਆਂ ਤੱਕ ਵੱਡੇ ਪੈਮਾਨੇ ‘ਤੇ ਮੁਗਲਾਂ ਵਿਰੁੱਧ ਸੈਨਿਕ ਤਿਆਰੀਆਂ ਕਰਨਾ ਚਾਹੁੰਦੇ ਸਨ। ਸੋ, ਵਕਤ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਸਾਹਿਬ ਆਪਣੇ ਪਰਿਵਾਰ ਤੇ ਸੈਨਿਕਾਂ ਸਹਿਤ ਨਾਹਨ ਰਿਆਸਤ ਦੇ ਇਲਾਕੇ ਵਿਚ ਚਲੇ ਗਏ ਅਤੇ ਪਾਉਂਟਾ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਇਥੇ ਰਹਿੰਦਿਆਂ ਹੀ ਸੰਨ 1688 ਈ: ਵਿਚ ਭੰਗਾਣੀ ਦੀ ਜੰਗ ਲੜੀ ਅਤੇ ਪਹਾੜੀ ਰਾਜਿਆਂ ਨੂੰ ਸ਼ਿਕਸਤ ਦਿੱਤੀ। ਇਸ ਤਰ੍ਹਾਂ ਜੋਸ਼ ਤੇ ਹੋਸ਼ ਦਾ ਸੰਤੁਲਨ ਕਾਇਮ ਰੱਖਦਿਆਂ ਗੁਰੂ ਸਾਹਿਬ ਨੇ ਕੇਵਲ 22 ਵਰ੍ਹਿਆਂ ਦੀ ਉਮਰ ਵਿਚ ਪਹਾੜੀ ਰਾਜਿਆਂ ਨੂੰ ਲੱਕ-ਤੋੜਵੀਂ ਹਾਰ ਦਿੱਤੀ। ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਸਾਹਿਬ ਨੇ ਮੁੜ ਅਨੰਦਪੁਰ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਾ ਲਿਆ ਅਤੇ ਮੌਕੇ ਤੋਂ ਲਾਭ ਉਠਾਉਂਦਿਆਂ ਅਨੰਦਪੁਰ ਸਾਹਿਬ (ਜਿਸ ਦਾ ਨਾਂਅ ਉਦੋਂ ਮਾਖੋਵਾਲ ਸੀ) ਵਿਖੇ ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ, ਫਤਹਿਗੜ੍ਹ ਅਤੇ ਹੋਲਗੜ੍ਹ ਨਾਮੀ ਪੰਜ ਕਿਲ੍ਹਿਆਂ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਉਨ੍ਹਾਂ ਨੇ ਹੱਥ ਆਏ ਕਿਸੇ ਵੀ ਅਵਸਰ ਨੂੰ ਕਦੇ ਅਜਾਈਂ ਨਹੀਂ ਗਵਾਇਆ।
ਗੁਰੂ ਸਾਹਿਬ ਨੇ ਜੀਵਨ ਭਰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੇ ਫਲਸਫੇ ‘ਤੇ ਡਟ ਕੇ ਪਹਿਰਾ ਦਿੱਤਾ ਅਤੇ ਸ਼ਾਨਦਾਰ ਨਤੀਜੇ ਸਾਹਮਣੇ ਆਏ। ਨੋਟ ਕਰੋ! ਆਪਣੇguru gobind singh ji macchiwara jungle ਜੀਵਨ ਵਿਚ ਲੜੀ ਆਖਰੀ ਜੰਗ (ਮੁਕਤਸਰ ਦੀ ਜੰਗ) ਤੋਂ ਬਾਅਦ ਗੁਰੂ ਸਾਹਿਬ ਨੇ ਹੋਸ਼ ਨੂੰ ਜੋਸ਼ ਉੱਤੇ ਭਾਰੂ ਰੱਖਦਿਆਂ ਸਿੱਖ ਸ਼ਕਤੀ ਨੂੰ ਨਸ਼ਟ ਹੋਣ ਤੋਂ ਬਚਾਅ ਲਿਆ ਅਤੇ ਇਸੇ ਦੌਰਾਨ ਸਿੱਖਾਂ ਨੂੰ ਮੁਗਲਾਂ ਨਾਲ ਟੱਕਰ ਲੈਣ ਲਈ ਮਾਨਸਿਕ ਤੇ ਜਥੇਬੰਦਕ ਤੌਰ ‘ਤੇ ਤਿਆਰ ਕਰਦੇ ਰਹੇ। ਫਿਰ, ਸਿੱਖ ਪੰਥ ਦੀ ਰਹਿਨੁਮਾਈ ਕਰਨ ਲਈ ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ ਅਤੇ ਮੁਗਲਾਂ ਨਾਲ ਸਾਹਮਣਿਓਂ ਟੱਕਰ ਲੈਣ ਲਈ ਪੰਜਾਬ ਵੱਲ ਭੇਜਿਆ। ਕਮਾਲ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਉਸ ਸਮੇਂ ਮੈਦਾਨ ਵਿਚ ਉਤਾਰਿਆ ਜਦੋਂ ‘ਲੋਹਾ ਗਰਮ’ ਸੀ ਅਤੇ ਬੰਦਾ ਬਹਾਦਰ ਦੀ ‘ਇਕੋ ਸੱਟ’ ਨੇ ਮੁਗਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਤਿਹਾਸ ਦੱਸਦਾ ਹੈ ਕਿ 1696-1699 ਈ: ਦੌਰਾਨ ਗੁਰੂ ਸਾਹਿਬ ਨੂੰ ਨਾ ਮੁਗਲਾਂ ਅਤੇ ਨਾ ਹੀ ਪਹਾੜੀ ਰਾਜਿਆਂ ਤੋਂ ਕੋਈ ਖਤਰਾ ਰਿਹਾ। ਸੋ, ਇਸ ਅਰਸੇ ਦੌਰਾਨ ਉਨ੍ਹਾਂ ਨੇ ਆਪਣੀ ਸੂਝਬੂਝ ਤੇ ਸ਼ਕਤੀ ਨੂੰ ਪੂਰਨ ਰੂਪ ਵਿਚ ਆਪਣੇ ਜੀਵਨ ਦੇ ਅਸਲੀ ਉਦੇਸ਼ ਦੀ ਪੂਰਤੀ ਵੱਲ ਮੋੜਿਆ।
ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਮਨੋਰਥ ਇਹ ਸੀ ਕਿ ਲੋਕਾਂ ਨੂੰ ਜ਼ੁਲਮ ਅਤੇ ਬਦੀ ਦੇ ਖਿਲਾਫ ਮੁਕਾਬਲਾ ਕਰਨ ਦੇ ਸਮਰੱਥ ਬਣਾਇਆ ਜਾਵੇ ਅਤੇ ਸਮਾਂ ਆਉਣ ‘ਤੇ ਇਨਕਲਾਬ ਦਾ ਝੰਡਾ ਬੁਲੰਦ ਕੀਤਾ ਜਾਵੇ। ਗੁਰੂ ਸਾਹਿਬ ਆਪਣੇ ਜੀਵਨ ਦੇ ਉਦੇਸ਼ ਬਾਰੇ ‘ਬਚਿਤ੍ਰ ਨਾਟਕ’ ਵਿਚ ਲਿਖਦੇ ਹਨ, ‘ਦੁਸ਼ਟ ਦੋਖੀਅਨਿ ਪਕਰਿ ਪਛਾਰੋ॥ ਯਾਹੀ ਕਾਜ ਧਰਾ ਹਮ ਜਨਮੰ॥’ ਸੋ, ਇਸ ਮਕਸਦ ਦੀ ਪੂਰਤੀ ਲਈ ਇਕ ਅਜਿਹੀ ਸਿਰਲੱਥ ਕੌਮ ਦਾ ਨਿਰਮਾਣ ਕਰਨ ਦੀ ਲੋੜ ਸੀ, ਜੋ ਮੁਗਲ ਹਕੂਮਤ ਨੂੰ ਸਾਹਮਣਿਓਂ ਲਲਕਾਰ ਸਕੇ ਪਰ ਇਕ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਇਨਕਲਾਬ ਦਾ ਝੰਡਾ ਬੁਲੰਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਸੋ, ਅਜਿਹੇ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਲਈ ਕਿਸੇ ਚਮਤਕਾਰੀ ਤਰਕੀਬ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ, ਤੁਹਾਨੂੰ ਪਤਾ ਹੀ ਹੈ ਜਿਥੇ ਇਕ ਆਲ੍ਹਾ ਦਰਜੇ ਦੇ ਦੂਰਅੰਦੇਸ਼ ਸਨ, ਉਥੇ ਇਕ ਮਹਾਨ ਚਿੰਤਕ ਤੇ ਮਨੋਵਿਗਿਆਨੀ ਵੀ ਸਨ। ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਨੇ ਇਕ ਡੂੰਘੀ ਚੁੱਭੀ ਮਾਰੀ ਅਤੇ ‘ਚਿੜੀਆਂ ਨੂੰ ਬਾਜ਼ਾਂ ਦੇ ਖੰਭ ਨੋਚਣ’ ਦੇ ਸਮਰੱਥ ਬਣਾਉਣ ਵਾਲੀ ਇਕ ਚਮਤਕਾਰੀ ਵਿਧੀ ਢੂੰਡ ਲਿਆਂਦੀ। ਇਹ ਵਿਧੀ ਸੀ-‘ਖੰਡੇ ਦਾ ਪਹੁਲ’, ਯਾਨੀ ਅੰਮ੍ਰਿਤ ਛਕਾਉਣ ਦਾ ਸਿਧਾਂਤ। ਇਸ ਸਿਧਾਂਤ ਨੂੰ ਧੁਰਾ ਮਿੱਥ ਕੇ ਸੰਨ 1699 ਈ: ਵਿਚ ਗੁਰੂ ਸਾਹਿਬ ਨੇ ਖ਼ਾਲਸੇ ਦੀ ਸਾਜਨਾ ਕੀਤੀ ਅਤੇ ਫਿਰ ਖ਼ਾਲਸੇ ਨੂੰ ਉਸ ਦੀ ਬਾਰੂਦੀ ਸ਼ਕਤੀ ਦਾ ਅਹਿਸਾਸ ਕਰਾਉਂਦਿਆਂ ਕਿਹਾ-
ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋ ਨਿਵਾਸ॥
ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਨ੍ਹਾਂ ਯੁੱਗ-ਪਲਟਾਊ ਘਟਨਾਵਾਂ ਦੇ ਪਿੱਛੇ, ਹੋਰ ਗੱਲਾਂ ਤੋਂ ਇਲਾਵਾ, ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਜਾਂ ਕੋਈ ਡੂੰਘਾ ਫਲਸਫਾ ਕੰਮ ਕਰ ਰਿਹਾ ਹੁੰਦਾ ਹੈ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਪੰਜ ਪਿਆਰਿਆਂ ਦੀ ਸਿਰਜਣਾ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਰਨ ਵੇਲੇ ਤੱਕ ਗੁਰੂ ਸਾਹਿਬ ਦੀ ਵਿਗਿਆਨਕ ਤੇ ਮਨੋਵਿਗਿਆਨ ਸੂਝ ਹਰ ਥਾਂ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਨਿਰਸੰਦੇਹ, ਦੁਨੀਆ ਦੇ ਮਹਾਨ ਮਨੋਵਿਗਿਆਨੀਆਂ ਤੇ ਚਿੰਤਕਾਂ ਵਿਚ ਗਿਣਤੀ ਕੀਤੀ ਜਾਣੀ ਚਾਹੀਦੀ ਹੈ।

ਡਾ: ਹਰਚੰਦ ਸਿੰਘ ਸਰਹਿੰਦੀ
-ਮ: ਨੰ: 2858, ਵਾ: ਨੰ: 9,
ਸਰਹਿੰਦ-140406. ਮੋਬਾ: 92178-45812

Posted in: ਸਾਹਿਤ