ਪੰਥਕ ਧਿਰਾਂ ਵੱਲੋਂ ਜਾਮ: ਸਰੂਪ ਸਿੰਗਲਾ ਨੂੰ ਭਜਾਇਆ

By November 12, 2015 0 Comments


s
ਬਠਿੰਡਾ, 12 ਨਵੰਬਰ:ਬਠਿੰਡਾ ਸ਼ਹਿਰ ਵਿੱਚ ਅੱਜ ਪੰਥਕ ਧਿਰਾਂ ਦੇ ਰੋਹ ਦੇ ਡਰੋਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਪਿਛਾਂਹ ਮੁੜਨਾ ਪਿਆ। ਪੰਥਕ ਰੋਹ ਕਰਕੇ ਸਰੂਪ ਸਿੰਗਲਾ ਨੇ ਅੱਜ ੲਿੱਥੇ ਸੁਭਾਸ਼ ਮਾਰਕੀਟ ਵਿਚਲੇ ਇੱਕ ਸਮਾਗਮ ਵਿੱਚ ਆਉਣ ਤੋਂ ਪਾਸਾ ਵੱਟ ਲਿਆ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਪੰਥਕ ਧਿਰਾਂ ਨੇ ਅੱਜ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਵਿੱਚ ਇੱਥੇ ਮਾਲ ਰੋਡ ’ਤੇ ਧਰਨਾ ਦਿੱਤਾ। ਨੇੜੇ ਹੀ ਸੁਭਾਸ਼ ਮਾਰਕੀਟ ਵਿੱਚ ਵਿਸ਼ਵਕਰਮਾ ਦਿਵਸ ਨਾਲ ਸਬੰਧਤ ਸਮਾਗਮ ਸੀ, ਜਿਥੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਪੁੱਜਣਾ ਸੀ।

ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਜਦੋਂ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਆ ਰਹੇ ਸਨ ਤਾਂ ਧਰਨੇ ਤੋਂ ਕੁਝ ਦੂਰੀ ’ਤੇ ਹੀ ਉਨ੍ਹਾਂ ਨੂੰ ਪੰਥਕ ਇਕੱਠ ਦੀ ਭਿਣਕ ਪੈ ਗਈ, ਜਿਸ ਕਰਕੇ ਉਨ੍ਹਾਂ ਨੇ ਫੌਰੀ ਆਪਣੀਆਂ ਗੱਡੀਆਂ ਪਿਛਾਂਹ ਹੀ ਮੋੜ ਲਈਆਂ। ਸਿੰਗਲਾ ਨੇ ਇਨ੍ਹਾਂ ਸਮਾਗਮਾਂ ਵਿੱਚ ਆਉਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ। ਅੱਜ ਸ਼ਹਿਰ ਵਿੱਚ ਕਈ ਥਾਵਾਂ ’ਤੇ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਸਨ, ਜਿਨ੍ਹਾਂ ਵਿੱਚ ਸਰੂਪ ਸਿੰਗਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਵੀ ਹੋਏ। ਇਧਰ ਰੋਸ ਜ਼ਾਹਰ ਕਰਨ ਮਗਰੋਂ ਪੰਥਕ ਧਿਰਾਂ ਨੇ ਟਰੈਫਿਕ ਜਾਮ ਖੋਲ੍ਹ ਦਿੱਤਾ। ਪੰਥਕ ਆਗੂ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਰੂਪ ਸਿੰਗਲਾ ਐਨ ਪੰਥਕ ਇਕੱਠ ਕੋਲ ਪੁੱਜ ਗਏ ਸਨ। ਜਦੋਂ ਉਨ੍ਹਾਂ ਨੂੰ ਵਿਰੋਧ ਦਾ ਪਤਾ ਲੱਗਾ ਤਾਂ ਉਹ ਪਿਛਾਂਹ ਹੀ ਆਪਣੀਆਂ ਗੱਡੀਆਂ ਭਜਾ ਕੇ ਲੈ ਗਏ। ਦੂਜੇ ਪਾਸੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੂਰੋਂ ਹੀ ਦੇਖ ਲਿਆ ਕਿ ਅੱਗੇ ਧਰਨਾ ਲੱਗਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਨੇ ਫੋਨ ’ਤੇ ਪੁਲੀਸ ਅਫਸਰਾਂ ਨੂੰ ਧਰਨਾ ਚੁਕਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੋਰਨਾਂ ਸਮਾਗਮਾਂ ਵਿੱਚ ਵੀ ਜਾਣਾ ਸੀ, ਜਿਸ ਕਰਕੇ ਉਹ ਦੇਰੀ ਹੋਣ ਦੇ ਡਰੋਂ ਵਾਪਸ ਮੁੜ ਕੇ ਦੂਸਰੇ ਸਮਾਰੋਹਾਂ ਵਿੱਚ ਚਲੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਕਰੀਬ 10 ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਹੈ। ਪੰਥਕ ਧਰਨੇ ਵਿੱਚ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਖਿਆ ਕਿ ਪੰਜਾਬ ਸਰਕਾਰ ਸਰਬੱਤ ਖਾਲਸਾ ਤੋਂ ਘਬਰਾ ਕੇ ਹੁਣ ਸਿੱਖ ਆਗੂਆਂ ਨੂੰ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਕਿਸੇ ਵੀ ਜਬਰ ਤੋਂ ਨਹੀਂ ਡਰਦੀ। ਸਿੱਖ ਸੰਗਤ ਨੂੰ ਸਿੰਘ ਸਾਹਿਬਾਨ ਦੀ ਗੈਰਹਾਜ਼ਰੀ ਵਿੱਚ ਪੰਜ ਪਿਆਰਿਆਂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਧਰਨੇ ਵਿੱਚ ਜਥੇਦਾਰ ਨੰਦਗੜ੍ਹ ਤੋਂ ਇਲਾਵਾ,ਅਕਾਲੀ ਦਲ ਮਾਨ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ, ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਬਾਬਾ ਹਰਦੀਪ ਸਿੰਘ ਮਹਿਰਾਜ, ਬੂਟਾ ਸਿੰਘ ਰਣਸੀਂਹ, ਗੁਰਲਾਲ ਸਿੰਘ ਦਮਦਮੀ ਟਕਸਾਲ, ਹਰਜਿੰਦਰ ਸਿੰਘ ਰੋਡੇ, ਬਲਜੀਤ ਸਿੰਘ ਗੰਗਾ ਏਕਨੂਰ ਖਾਲਸਾ ਫੌਜ, ਬਲਦੇਵ ਸਿੰਘ ਫੌਜੀ ਆਦਿ ਸ਼ਾਮਲ ਸਨ।

Posted in: ਪੰਜਾਬ