ਬੰਦੀ ਛੋੜ ਦਿਵਸ : ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ‘ਭਰੋਸਯੋਗ’ ਬੰਦੇ ਲਿਆੳੁਣ ਦੀ ਹਦਾਇਤ

By November 10, 2015 0 Comments


ਬਠਿੰਡਾ, 10 ਨਵੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੰਦੀ ਛੋੜ ਦਿਵਸ ’ਤੇ ਕਿਸੇ ਸੰਭਾਵੀ ਵਿਰੋਧ ਦੇ ਟਾਕਰੇ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਭਰੋਸੇਯੋਗ ਬੰਦੇ ਲਿਆਉਣ ਦੇ ਕੋਟੇ ਲਗਾ ਦਿੱਤੇ ਹਨ। ਪ੍ਰਧਾਨ ਸ੍ਰੀ ਮੱਕੜ ਨੇ ਬੀਤੇ ਦੋ ਦਿਨਾਂ ਦੌਰਾਨ ਪੰਜਾਬ ਭਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਬੰਦੀ ਛੋੜ ਦਿਵਸ ’ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਹਰ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਬੰਦੀ ਛੋੜ ਦਿਵਸ ’ਤੇ 40 ਤੋਂ 50 ਬੰਦੇ ਲਿਆਉਣ ਦੀ ਹਦਾਇਤ ਹੈ ਤੇ ਖ਼ਾਸ ਹਦਾਇਤ ਹੈ ਕਿ ਇਹ ਸਾਰੇ ਬੰਦੇ ਭਰੋਸੇਯੋਗ ਹੋਣ। ਇਨ੍ਹਾਂ ਨੂੰ ਮਿੰਨੀ ਬੱਸਾਂ ਅਤੇ ਸਕੂਲ ਵੈਨਜ਼ ਵਿੱਚ ਅੰਮ੍ਰਿਤਸਰ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਰਣਨੀਤੀ ਘੜੀ ਗਈ ਸੀ।
ਭਰੋਸੇਯੋਗ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮਾਝੇ ਅਤੇ ਦੋਆਬੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਨ ਮਗਰੋਂ 9 ਨਵੰਬਰ ਨੂੰ ਚੰਡੀਗੜ੍ਹ ਵਿੱਚ ਗੁਪਤ ਮੀਟਿੰਗ ਕੀਤੀ। ਇਸ ਵਿੱਚ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਪਟਿਆਲਾ, ਸੰਗਰੂਰ ਅਤੇ ਫ਼ਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮਲ ਹੋਏ ਸਨ। ਪਹਿਲਾਂ ਇਹ ਮੀਟਿੰਗ 8 ਨਵੰਬਰ ਨੂੰ ਤਲਵੰਡੀ ਸਾਬੋ ਰੱਖੀ ਗਈ ਸੀ, ਜਿਸ ਨੂੰ ਰੱਦ ਕਰ ਕੇ 9 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿੱਚ ਰੱਖਿਆ ਗਿਆ। ਬਾਅਦ ਵਿੱਚ ਇਹ ਮੀਟਿੰਗ ਚੰਡੀਗੜ੍ਹ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਬਹੁਤੇ ਮੈਂਬਰ ਸ਼ਾਮਲ ਹੀ ਨਹੀਂ ਸਨ ਹੋਏ। ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਸ ਗੁਪਤ ਮੀਟਿੰਗ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਹੈ ਕਿ ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦਿਆ ਗਿਆ ਹੈ। ਮੀਟਿੰਗ ਵਿੱਚ ਇਹ ਗੱਲ ਵੀ ਕਹੀ ਗੲੀ ਕਿ ਕਮੇਟੀ ਮੈਂਬਰ ਤੇ ੳੁਨ੍ਹਾਂ ਨਾਲ ਆੳੁਣ ਵਾਲੇ ਬੰਦੇ ਬੰਦੀ ਛੋੜ ਦਿਵਸ ’ਤੇ ਸੰਭਾਵੀ ਵਿਰੋਧ ਦਾ ਡਟ ਕੇ ਟਾਕਰਾ ਕਰਨ। ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਟਾਸਕ ਫੋਰਸ ਦੇ ਸਾਰੇ ਮੈਂਬਰਾਂ ’ਤੇ ਵੀ ਭਰੋਸਾ ਨਹੀਂ ਰਿਹਾ, ਜਿਸ ਕਰ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ, ਪਰ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਟਾਲਾ ਹੀ ਵੱਟ ਗਏ। ਜ਼ਿਲ੍ਹਾ ਬਠਿੰਡਾ ਤੇ ਮਾਨਸਾ ’ਚੋਂ ਸਿਰਫ਼ ਸੱਤ ਮੈਂਬਰ ਹੀ ਗੁਪਤ ਮੀਟਿੰਗ ਵਿੱਚ ਪੁੱਜੇ ਸਨ। ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਉਹ ਗੁਰਸਿੱਖਾਂ ਸਮੇਤ ਭਲਕੇ ਅੰਮ੍ਰਿਤਸਰ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਸ਼੍ਰੋਮਣੀ ਕਮੇਟੀ ਮੈਂਬਰ 15 ਤੋਂ 20 ਗੁਰਸਿੱਖਾਂ ਨੂੰ ਨਾਲ ਲੈ ਕੇ ਜਾਵੇਗਾ। ਉਨ੍ਹਾਂ ਨੇ ਕਮੇਟੀ ਪ੍ਰਧਾਨ ਵੱਲੋਂ ਮੀਟਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

Posted in: ਪੰਜਾਬ