ਸਰਬੱਤ ਖਾਲਸਾ ਵਲੋਂ ਲਾਹੇ ਗਏ ਜਥੇਦਾਰਾਂ ਦੀ ਸੁਰੱਖਿਆ ਵਧਾੲੀ

By November 10, 2015 0 Comments


ਸ੍ਰੀ ਆਨੰਦਪੁਰ ਸਾਹਿਬ, 10 ਨਵੰਬਰ- ਸਰਬੱਤ ਖ਼ਾਲਸਾ ਮੌਕੇ ਨਵੇਂ ਜਥੇਦਾਰਾਂ ਦੇ ਅੈਲਾਨ ਤੋਂ ਬਾਅਦ ਤਖ਼ਤਾਂ ਅਤੇ ਜਥੇਦਾਰਾਂ ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਵਰਿੰਦਰਪਾਲ ਸਿੰਘ ਬਰਾੜ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਗੁਪਤ ਮੀਟਿੰਗ ਹੋੲੀ। ਇਸ ਤੋਂ ਬਾਅਦ ਸੁੱਖਿਆ ਘੇਰਾ ਸਖ਼ਤ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਅਮਰੀਕ ਸਿੰਘ ਅਜਨਾਲਾ ਆਪਣੇ ਸਾਥੀਆਂ ਸਮੇਤ ਕਿਸੇ ਵੀ ਸਮੇਂ ਤਖ਼ਤ ਵਿਖੇ ਨਤਮਸਤਕ ਹੋਣ ਲਈ ਆ ਸਕਦੇ ਹਨ। ਇਸ ਕਾਰਨ ਜਿੱਥੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗੲੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਆਪਕ ਸੁਰੱਖਿਆ ਇੰਤਜ਼ਾਮ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਬਰਾੜ ਅਤੇ ਗਿਆਨੀ ਮੱਲ ਸਿੰਘ ਦੀ ਮੀਟਿੰਗ ਤੋਂ ਬਾਅਦ ਪਹਿਲਾਂ ਤੋਂ ਤਾਇਨਾਤ ਮੁਲਾਜ਼ਮਾਂ ਤੋਂ ਇਲਾਵਾ 100 ਪੁਲੀਸ ਮੁਲਾਜ਼ਮ ਹੋਰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਮੁਲਾਜ਼ਮਾਂ ਦਾ ਵੱਡਾ ਹਿੱਸਾ ਸਾਦੇ ਕੱਪੜਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ ਜਦਕਿ ਤਖ਼ਤ ਸਾਹਿਬ ਨੂੰ ਆਉਣ-ਜਾਣ ਵਾਲੇ ਹਰ ਰਸਤੇ ’ਤੇ ਪੁਲੀਸ ਵੱਲੋਂ ਬਾਜ਼ ਅੱਖ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜ਼ਿਲ੍ਹਾ ਪੁਲੀਸ ਮੁਖੀ ਨੇ ਖ਼ੁਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦਾ ਜਾਇਜ਼ਾ ਲਿਆ। ਤਖ਼ਤ ਕੇਸਗੜ੍ਹ ਸਾਹਿਬ ਵਿਖੇ ਸੁਰੱਖਿਆ ਘੇਰੇ ਨੂੰ ਪਹਿਲਾਂ ਨਾਲੋਂ ਮਜ਼ਬੂਤ ਕਰਨ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਸੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸੇ ਵੀ ਧਿਰ ਦਰਮਿਆਨ ਟਕਰਾਅ ਵਾਲੀ ਸਥਿਤੀ ਨੂੰ ਰੋਕਣ ਲਈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਦੇ ਲਈ ਸੁਰੱਖਿਆ ਦੇ ਲਿਹਾਜ਼ ਤੋਂ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ। ਇਹੀ ਕਾਰਨ ਹੈ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨ ਲਈ 100 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ’ਤੇ ਵੀ ਟਾਸਕ ਫੋਰਸ ਨੂੰ ਮੁਸਤੈਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ 50 ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਸੁੱਰਖਿਆ ਲਈ ਤਾਇਨਾਤ ਕਰ ਦਿੱਤੇ ਗਏ ਹਨ।