ਬਾਦਲ ਨੂੰ ਭੇਜੀ ਖੂਨ ਦੀ ਪਿਆਲੀ ਗੁੰਮ

By November 7, 2015 0 Comments


bloodਚੰਡੀਗੜ੍ਹ, (7 ਨਵੰਬਰ,ਤਰਲੋਚਨ ਸਿੰਘ):ਪੰਜਾਬ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਵੱਲੋਂ ਰੋਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੇ ਆਪਣੇ ਖੂਨ ਦੇ ਬਾਟੇ ਦਾ ਕੋਈ ਥਹੁ-ਪਤਾ ਨਹੀਂ ਹੈ। ਪੁਲੀਸ ਅਧਿਕਾਰੀ ਖੂਨ ਦੇ ਇਸ ਬਾਟੇ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਰਹੇ ਹਨ ਅਤੇ ਸੰਤਾਂ-ਮਹਾਂਪੁਰਖਾਂ ਦੇ ਖੂਨ ਦਾ ਬਾਟਾ ਪਿਛਲੇ 8 ਦਿਨਾਂ ਤੋਂ ਭੇਤ ਬਣਿਆ ਪਿਆ ਹੈ। ਸੂਤਰਾਂ ਅਨੁਸਾਰ ਖੂਨ ਦਾ ਇਹ ਬਾਟਾ ਹਾਲੇ ਤਕ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਨਹੀਂ ਪੁੱਜਾ ਅਤੇ ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ। ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਵੱਲੋਂ ਗੋਲੀ ਮਾਰੇ ਜਾਣ ਦੇ ਰੋਸ ’ਚ ਪੰਜਾਬ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਬਾਬਿਆਂ, ਰਾਗੀਆਂ, ਕਵੀਸ਼ਰਾਂ ਅਤੇ ਹੋਰ ਪੰਥਕ ਦਰਦੀਆਂ ਵੱਲੋਂ 29 ਅਕਤੂਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵੱਲ ਕੂਚ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਖੂਨ ਦਾ ਬਾਟਾ ਦੇਣ ਦਾ ਐਲਾਨ ਕੀਤਾ ਸੀ। ਇਥੇ ਵਾਈਪੀਐਸ ਚੌਕ ਨੇੜੇ ਚੰਡੀਗੜ੍ਹ-ਮੁਹਾਲੀ ਦੀ ਹੱਦ ਉਪਰ ਪੁਲੀਸ ਵੱਲੋਂ ਰੋਕਣ ’ਤੇ ਸੰਗਤ ਨੇ ਧਰਨਾ ਮਾਰ ਦਿੱਤਾ ਸੀ। ਫਿਰ 30 ਅਕਤੂਬਰ ਨੂੰ ਤੜਕੇ ਪ੍ਰਮੁੱਖ ਪੰਥਕ ਹਸਤੀਆਂ ਵੱਲੋਂ ਆਪਣਾ ਖੂਨ ਕੱਢ ਕੇ ਮੁੱਖ ਮੰਤਰੀ ਨੂੰ ਭੇਜਣ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ, ਹਰਜਿੰਦਰ ਸਿੰਘ ਮਾਝੀ, ਅਮਰੀਕ ਸਿੰਘ ਕਥਾਵਾਚਕ ਚੰਡੀਗੜ੍ਹ, ਸ੍ਰੀ ਪੀਰ ਮੁਹੰਮਦ ਸਮੇਤ 67 ਰਾਗੀਆਂ, ਕਵੀਸ਼ਰਾਂ ਅਤੇ ਹੋਰ ਪੰਥ ਦਰਦੀਆਂ ਵੱਲੋਂ ਆਪਣਾ ਖੂਨ ਕਢਵਾਇਆ ਸੀ।
ਇਨ੍ਹਾਂ ਪ੍ਰਮੁੱਖ ਹਸਤੀਆਂ ਵੱਲੋਂ ਆਪਣੇ ਖੂਨ ਦਾ ਭਰਿਆ ਬਾਟਾ ਉਥੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਦੇ ਕੇ ਅਪੀਲ ਕੀਤੀ ਸੀ ਕਿ ਇਹ ਖੂਨ ਸ੍ਰੀ ਬਾਦਲ ਨੂੰ ਪੁੱਜਦਾ ਕਰ ਦਿੱਤਾ ਜਾਵੇ। ਹੁਣ ਇਹ ਖੂਨ ਦਾ ਬਾਟਾ ਕਿਸ ਕੋਲ ਹੈ ਕੋਈ ਵੀ ਸਪੱਸ਼ਟ ਜਵਾਬ ਦੇਣ ਲਈ ਤਿਆਰ ਨਹੀਂ ਹੈ। ਜਦੋਂ ਇਸ ਸਬੰਧ ਸੈਕਟਰ-36 ਥਾਣੇ ਦੇ ਅੈਸਅੈਚਓ ਰਾਮ ਦਿਆਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਰਾਤ ਵੇਲੇ ਡਿਊਟੀ ਛੱਡ ਕੇ ਚਲੇ ਗਏ ਸਨ ਅਤੇ ਉਨ੍ਹਾਂ ਨੇ ਬਾਬਿਆਂ ਕੋਲੋਂ ਖੂਨ ਦਾ ਬਾਟਾ ਹਾਸਲ ਨਹੀਂ ਕੀਤਾ। ਇਸ ਖੇਤਰ ਦੇ ਏਐਸਪੀ ਡਾ. ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਬਾਬਿਅਾਂ ਦੇ ਖੂਨ ਦੇਣ ਵੇਲੇ ਉਹ ਡਿਊਟੀ ’ਤੇ ਨਹੀਂ ਸਨ। ਉਸ ਮੌਕੇ ਡੀਐਸਪੀ ਬੀ.ਐਸ. ਨੇਗੀ ਤਾਇਨਾਤ ਸਨ। ਡੀਐਸਪੀ ਨੇਗੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਇੰਸਪੈਕਟਰਾਂ ਨੂੰ ਖੂਨ ਦਾ ਬਾਟਾ ਹਾਸਲ ਕਰਨ ਲਈ ਕਿਹਾ ਸੀ। ਡੀਐਸਪੀ ਅਨੁਸਾਰ ਉਨ੍ਹਾਂ ਨੇ ਸਬੰਧਿਤ ਇੰਸਪੈਕਟਰਾਂ ਨੂੰ ਇਹ ਖੂਨ ਦਾ ਬਾਟਾ ਮੁੱਖ ਮੰਤਰੀ ਸ੍ਰੀ ਬਾਦਲ ਦੀ ਰਿਹਾਇਸ਼ ’ਤੇ ਪਹੁੰਚਾਉਣ ਲਈ ਕਹਿ ਦਿੱਤਾ ਸੀ ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਇਸ ਵੇਲੇ ਖੂਨ ਦਾ ਬਾਟਾ ਕਿਥੇ ਹੈ। ਜਾਣਕਾਰੀ ਮੁਤਾਬਕ ਜਦੋਂ ਬਾਬਿਆਂ ਨੇ ਇਕ ਇੰਸਪੈਕਟਰ ਦੇ ਹੱਥ ਖੂਨ ਦਾ ਬਾਟਾ ਰੱਖ ਦਿੱਤਾ ਤਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਇਸ ਬਾਅਦ ਖੂਨ ਦਾ ਬਾਟਾ ਕਿਥੇ ਗਿਆ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ।