ਅਮਰਿੰਦਰ ਵੱਲੋਂ ਬਾਦਲ ਨੂੰ ਲੋਕਾਂ ਵਿੱਚ ਵਿਚਰਨ ਦੀ ਚੁਣੌਤੀ

By November 7, 2015 0 Comments


– 1984 ਸਿੱਖ ਕਤਲੇਆਮ ਮਾਮਲੇ ਵਿਚ ਰਾਜੀਵ ਤੇ ਰਾਹੁਲ ਗਾਂਧੀ ਨੂੰ ਦਿੱਤੀ ਕਲੀਨ ਚਿੱਟ
ਚੰਡੀਗੜ੍ਹ, 7 ਨਵੰਬਰ: ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਪਾਰਟੀ ਦੇ ਦੂਜੀ ਕਤਾਰ ਦੇ ਆਗੂਆਂ ਪਿੱਛੇ ਲੁਕਣ ਦੇ ਦੋਸ਼ ਲਾਉਂਦਿਆਂ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਲੋਕਾਂ ਵਿੱਚ ਆਉਣ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ‘‘ਤੁਹਾਡੀ ਸਥਿਤੀ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ ਤੇ ਤੁਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੋ, ਇਹ ਠੀਕ ਹੋਣ ਵਾਲੀ ਨਹੀਂ।’’
’84 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਕਲੀਨ ਚਿੱਟ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕਿਸੇ ਦੀ ਵੀ ਦੰਗਿਆਂ ਵਿੱਚ ਕੋਈ ਭੂਮਿਕਾ ਨਹੀਂ ਸੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ੳੁਦੋਂ ਰਾਜੀਵ ਗਾਂਧੀ ਪੱਛਮੀ ਬੰਗਾਲ ਵਿੱਚ ਸਨ। ਵਾਪਸ ਆਉਣ ’ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤੇ ਉਨ੍ਹਾਂ ਨੇ ਪਹਿਲਾ ਕੰਮ ਦਿੱਲੀ ਵਿੱਚ ਘੁੰਮ ਕੇ ਸ਼ਾਂਤੀ ਤੇ ਵਿਵਸਥਾ ਕਾਇਮ ਕਰਨ ਦਾ ਕੀਤਾ। ੳੁਨ੍ਹਾਂ ਕਿਹਾ ਕਿ ਜਿਹੜੇ ਦੋਸ਼ ਅਕਾਲੀ ਤੇ ਖਾਸ ਕਰ ਕੇ ਮੁੱਖ ਮੰਤਰੀ ਲਗਾ ਰਹੇ ਹਨ, ਉਹ ਕਦੇ ਪੀੜਤਾਂ ਨੇ ਵੀ ਰਾਜੀਵ ਜਾਂ ਰਾਹੁਲ ’ਤੇ ਨਹੀਂ ਲਾਏ। ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਤਾਂ ਉਸ ਵੇਲੇ ਸਿਰਫ਼ 14 ਸਾਲ ਦੇ ਸਨ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਉਨ੍ਹਾਂ ਪੰਜ ਵਿਅਕਤੀਆਂ ਦੇ ਨਾਮ ਲਏ ਸਨ ਜਿਹੜੇ ਦੰਗਿਆਂ ਵਿੱਚ ਸ਼ਾਮਲ ਸਨ। ੳੁਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਕਥਿਤ ਤੌਰ ’ਤੇ ਐਚ.ਕੇ.ਐਲ ਭਗਤ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ, ਅਰਜਨ ਦਾਸ ਤੇ ਲਲਿਤ ਮਾਕਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੇਹਤਰ ਹੋਵੇਗਾ ਜੇ ਸ੍ਰੀ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਸ ਦੀ ਕਾਰਵਾੲੀ ਸਬੰਧੀ ਤੇਜ਼ੀ ਲਿਆਉਣ ਲਈ ਕਹਿਣ। ਮੁੱਖ ਮੰਤਰੀ ਇਹ ਯਕੀਨੀ ਬਣਾੳੁਣ ਕਿ ਸਿੱਖ ਕਤਲੇਆਮ ਵਿੱਚ ਨਾਮਜ਼ਦ 120 ਆਰਐਸਐਸ ਵਰਕਰਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਤੇ ਸਿਆਸੀ ਪੱਧਰ ’ਤੇ ਫੇਲ੍ਹ ਹੋਣ ਤੋਂ ਬਾਅਦ ਮੁੱਖ ਮੰਤਰੀ ਆਪਣੀ ਪਾਰਟੀ ਦੇ ਦੂਜੀ ਤੇ ਤੀਜੀ ਕਤਾਰ ਦੇ ਆਗੂਆਂ ਰਾਹੀਂ ਇਸ ਮੁੱਦੇ ਨੂੰ ਚੁੱਕ ਰਹੇ ਹਨ ਤਾਂ ਜੋ ਉਹ ਲੋਕ ਰੋਹ ਨੂੰ ਸ਼ਾਂਤ ਕਰ ਸਕਣ।