ਕਨੇਡਾ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ਤੇ ਗੁਰਬਚਨ ਸਿੰਘ ਨੇ ਕੀਤਾ ਖੁਸ਼ੀ ਦਾ ਇਜ਼ਹਾਰ

By November 6, 2015 0 Comments


ਅੰਮ੍ਰਿਤਸਰ 6 ਨਵੰਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਵੱਲੋ ਆਪਣੇ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕਰਨ ਦਾ ਸੁਆਗਤ ਕਰਦਿਆ ਕਿਹਾ ਕਿ ਸ੍ਰੀ ਟਰੂਡੋ ਨੇ ਵਿਸ਼ੇਸ਼ ਕਰਕੇ ਇੱਕ ਪਗੜੀਧਾਰੀ ਸਿੱਖ ਹਰਜੀਤ ਸਿੰਘ ਸੱਜਣ ਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਕਨੇਡਾ ਵਿੱਚ ਸਿੱਖ ਹਰਮਨ ਪਿਆਰੇ ਹੀ ਨਹੀ ਸਗੋ ਦੇਸ਼ ਦੀ ਸੁਰੱਖਿਆ ਦੀ ਵਾਂਗਡੋਰ ਸੰਭਾਲਣ ਦੀ ਸਮੱਰਥਾ ਵੀ ਰੱਖਦੇ ਹਨ।
ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਿਸ ਦੇਸ਼ ਵਿੱਚ ਕਿਸੇ ਵੇਲੇ ਸਿੱਖਾਂ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਨਹੀ ਹੈ ਅੱਜ ਉਹ ਉਥੋ ਦੇ ਗੋਰਿਆ ਦੀਆ ਵੋਟਾਂ ਲੈ ਕੇ ਸਿਰਫ ਉਥੋ ਦੀ ਪਾਰਲੀਮੈਂਟ ਵਿੱਚ ਨਹੀ ਪੁੱਜੇ ਸਗੋ ਉਹਨਾਂ ਦੇ ਸਿਰ ਕੇ ਕਨੇਡਾ ਸਰਕਾਰ ਨੇ ਮੰਤਰੀ ਬਣਾ ਕੇ ਵਿਸ਼ੇਸ਼ ਜਿੰਮੇਵਾਰੀਆ ਵੀ ਪਾਈਆ ਹਨ। ਉਹਨਾਂ ਕਿਹਾ ਕਿ ਪਗੜੀਧਾਰੀ ਸਿੱਖ ਹਰਜੀਤ ਸਿੰਘ ਦਾ ਸਬੰਧ ਕਨੇਡੀਅਨ ਸੈਨਾ ਨਾਲ ਰਿਹਾ ਹੈ ਤੇ ਉਸ ਦੀ ਲਿਆਕਤ ਨੂੰ ਵੇਖ ਕੇ ਹੀ ਰੱਖਿਆ ਮੰਤਰਾਲਾ ਉਸ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਰਜੀਤ ਸਿੰਘ ਪਿਤਾ ਵੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਸਿੱਖੀ ਦੇ ਅਸੂਲ ਤੇ ਪਰੰਪਰਾ ਉਹਨਾਂ ਨੂੰ ਵਿਰਸੇ ਵਿੱਚ ਮਿਲੀਆ ਹਨ। ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਸਿੱਖਾਂ ਨੂੰ ਜਿਹੜਾ ਕਿਰਤ ਕਰੋ ਤੇ ਵੰਡ ਛੱਕੋ ਦਾ ਸਿਧਾਂਤ ਦਿੱਤਾ ਹੈ ਉਸਦੀ ਬਦੌਲਤ ਹੀ ਸਿੱਖ ਦੁਨੀਆ ਭਰ ਵਿੱਚ ਜਿਥੇ ਵੀ ਜਾਂਦੇ ਹਨ ਆਪਣੀ ਕੜੀ ਮਿਹਨਤ ਨਾਲ ਆਪਣਾ ਸਿੱਕਾ ਜਮਾਉਣ ਦੀ ਸਮੱਰਥਾ ਰੱਖਦੇ ਹਨ। ਉਹਨਾਂ ਕਿਹਾ ਕਿ ਕਨੇਡਾ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵੱਸਦੇ ਹਨ ਤੇ ਉਥੋ ਦੀ ਤਰੱਕੀ ਵਿੱਚ ਸਿੱਖਾਂ ਨੇ ਹਰ ਖੇਤਰ ਵਿੱਚ ਹਿੱਸਾ ਪਾਇਆ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਤੋ ਇਲਾਵਾ ਸਨਅੱਤੀ ਖੇਤਰ ਤੇ ਟਰਾਂਸਪੋਰਟ ਨਾਲ ਵੀ ਬਹੁਤ ਸਾਰੇ ਸਿੱਖ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਹਰਜੀਤ ਸਿੰਘ ਤੋ ਇਲਾਵਾ ਕਨੇਡੀਆਨ ਸਰਕਾਰ ਵਿੱਚ ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਚੱਗਰ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਨੇਡਾ ਵਿੱਚ ਵੱਸਦੇ ਪੰਜਾਬੀਆ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕੀਤੀ ਕਿ ਮੰਤਰੀ ਬਣਾਏ ਗਏ ਸਿੱਖਾਂ ਨੂੰ ਬਲ, ਬੁੱਧੀ ਤੇ ਸੇਵਾ ਦਾ ਦਾਨ ਬਖਸ਼ਣ ਤਾਂ ਕਿ ਉਹ ਕਨੇਡਾ ਦੀ ਜਨਤਾ ਲਈ ਇੱਕ ਮਿਸਾਲ ਬਣ ਸਕਣ।