ਸਰਬੱਤ ਖਾਲਸਾ ਕੇਵਲ ਅਕਾਲ ਤਖਤ ਸਾਹਿਬ ਤੇ ਹੀ ਬੁਲਾਇਆ ਜਾ ਸਕਦਾ ਹੈ- ਬਾਬਾ ਧੁੰਮਾ

By November 6, 2015 0 Comments


ਦੀਵਾਲੀ ‘ਤੇ ਕੌਮ ਦੇ ਨਾਮ ਸੰਦੇਸ਼ ਹੈਡ ਗ੍ਰੰਥੀ ਦੇਵੇ
06asr Damdami Taksal
ਅੰਮ੍ਰਿਤਸਰ 6 ਨਵੰਬਰ (ਜਸਬੀਰ ਸਿੰਘ ਪੱਟੀ) ਸਿੱਖਾਂ ਦੀ ਧਾਰਮਿਕ ਯੂਨੀਵਰਸਟੀ ਵਜੋ ਜਾਣੀ ਜਾਂਦੀ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਜੋ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਵੀ ਪ੍ਰਧਾਨ ਹਨ ਨੇ ਜ਼ੋਰਦਾਰ ਲਫਜ਼ਾਂ ਵਿੱਚ ਕੁਝ ਪੰਥਕ ਜਥੇਬੰਦੀਆ ਵੱਲੋ ਬੁਲਾਏ ਗਏ10 ਨਵੰਬਰ ਨੂੰ ਸਰਬੱਤ ਖਾਲਸਾ ਨੂੰ ਮਾਨਤਾ ਦੇਣ ਤੋ ਇਨਕਾਰ ਕਰਦਿਆ ਕਿਹਾ ਕਿ ਸਰਬੱਤ ਖਾਲਸਾ ਕੇਵਲ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਬੁਲਾਇਆ ਜਾ ਸਕਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਮੌਜੂਦਗੀ ਵਿੱਚ Êਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਏ ਜਾਣ ਦੇ ਹੱਕ ਵਿੱਚ ਹਨ ਪਰ ਪੰਥਕ ਰਵਾਇਤ ਅਨੁਸਾਰ ਸਰਬੱਤ ਖਾਲਸਾ ਸਿਰਫ ਤੇ ਸਿਰਫ ਕੌਮ ਦੇ ਧਾਰਮਿਕ ਮਸਲਿਆ ਵਿੱਚ ਸੇਧ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਬੁਲਾਇਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਜਦ ਵੀ ਕੌਮ ਦੁਚਿੱਤੀ ਵਿੱਚ ਹੋਈ ਹੈ ਤਾਂ ਕੌਮ ਦੇ ਜਥੇਦਾਰ ਨੇ ਅਵਾਜ ਦੇ ਕੇ ਸਾਰੀਆ ਸਬੰਧਿਤ ਧਿਰਾਂ, ਜਿਹਨਾਂ ਵਿੱਚ ਸੰਤ ਸਮਾਜ, ਨਿਰਮਲੇ ਪੰਥ, ਉਦਾਸੀ ਸੰਪਰਦਾ, ਨਿਹੰਗ ਸਿੰਘ ਜਥੇਬੰਦੀਆ ਸਮੇਤ ਸਾਰੀਆ ਗੁਰੂ ਸਾਹਿਬ ਨੂੰ ਸਮੱਰਪਿਤ ਪੰਥਕ ਧਿਰਾਂ ਸ਼ਾਮਲ ਹਨ, ਨੂੰ ਇਕੱਠੇ ਬੁਲਾਉਣ ਲਈ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਸਰਬੱਤ ਖਾਲਸਾ 26 ਜਨਵਰੀ 1986 ਨੂੰ ਵੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਤੇ ਇਸ ਤੋ ਪਹਿਲਾਂ ਸਮੁੱਚੇ ਪੰਥ ਨੂੰ ਪ੍ਰਵਾਨਗੀ ਲੈਣ ਲਈ 29 ਨਵੰਬਰ 1985 ਨੂੰ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਵੱਖ ਵੱਖ ਸੰਪਰਦਾਵਾਂ ਦੇ ਮੁੱਖੀਆ ਦੀ ਇੱਕ ਵਿਸ਼ਾਲ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਸਰੱਬਤ ਖਾਲਸਾ ਬਾਰੇ ਪਹਿਲਾਂ ਸਾਰਿਆ ਕੋਲੋ ਪ੍ਰਵਾਨਗੀ ਲਈ ਗਈ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਸਬੰਧਿਤ ਧਿਰਾਂ ਵੱਲੋ ਜਿਹੜਾ ਸਰਬੱਤ ਖਾਲਸਾ ਬੁਲਾਇਆ ਗਿਆ ਹੈ ਉਸ ਨੂੰ ਦਮਦਮੀ ਟਕਸਾਲ ਤੇ ਸੰਤ ਸਮਾਜ ਮਾਨਤਾ ਨਹੀ ਦਿੰਦਾ ਹੈ। ਉਹਨਾਂ ਕਿਹਾ ਕਿ ਇਸ ਇਕੱਠ ਦਾ ਨਾਮ ਪੰਥਕ ਇਕੱਠ ਰੱਖ ਲਿਆ ਜਾਵੇ ਤਾਂ ਸੰਤ ਸਮਾਜ ਤੇ ਟਕਸਾਲ ਸ਼ਮੂਲੀਅਤ ਕਰਨ ਬਾਰੇ ਸੋਚ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਂਦਾ ਹੈ ਤਾਂ ਵੀ ਸੰਤ ਸਮਾਜ ਤੇ ਟਕਸਾਲ ਵੀ ਸ਼ਮੂਲੀਅਤ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹ ਪਰੰਪਰਾ ਤੇ ਮਰਿਆਦਾ ਦਾ ਘਾਣ ਬਰਦਾਸ਼ਤ ਨਹੀ ਕਰ ਸਕਦੇ। ਇਹ ਪੁੱਛੇ ਜਾਣ ਤੇ ਕੀ ਸਰਬੱਤ ਖਾਲਸਾ ਬੁਲਾਉਣ ਵਾਲੀਆ ਧਿਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ? ਉਹਨਾਂ ਕਿਹਾ ਕਿ ਉਹਨਾਂ ਦੇ ਨੁੰਮਾਇਦੇ ਉਹਨਾਂ ਕੋਲ ਆਏ ਸੀ ਤੇ ਉਹਨਾਂ ਨੇ ਸ਼ਮੂਲੀਅਤ ਬਾਰੇ ਕਿਹਾ ਸੀ ਪਰ ਉਹਨਾਂ ਨੂੰ ਸਰਬੱਤ ਖਾਲਸਾ ਦਾ ਨਾਮ ਬਦਲਣ ਵਾਸਤੇ ਕਿਹਾ ਸੀ ਪਰ ਉਹਨਾਂ ਨੇ ਉਸ ਤੋ ਬਾਅਦ ਕੋਈ ਉੱਤਰ ਨਹੀ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਸਿਰਫ ਅਨੇਕਾਂ ਕੁਰਬਾਨੀਆ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਖੋਰਾ ਲਗਾਉਣ ਲਈ ਕੀਤਾ ਜਾ ਰਿਹਾ ਹੈ।
ਵੱਖ ਵੱਖ ਥਾਂਵਾ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਤੇ ਧਾਰਮਿਕ ਗੁਟਕਿਆ ਤੇ ਹੋਰ ਪੋਥੀਆ ਦਾ ਹੋ ਰਹੇ ਨਿਰਾਦਰ ‘ਤੇ ਚਿੰਤਾ ਪ੍ਰਗਟ ਕਰਦਿਆ ਉਹਨਾਂ ਕਿਹਾ ਕਿ ਇਹ ਇੱਕ ਕਿਸੇ ਸਾਜਿਸ਼ ਤਹਿਤ ਹੋ ਰਿਹਾ ਹੈ ਜਿਸ ਨੂੰ ਨੰਗਾ ਕੀਤਾ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਤੁਰੰਤ ਕਾਰਵਾਈ ਕਰੇ ਤੇ ਗੁਰੂਦੁਆਰਿਆ ਦੇ ਬਾਹਰ ਠੀਕਰੀ ਪਹਿਰੇ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਕੀਤਾ ਜਾਵੇ।
ਜਥੇਦਾਰਾਂ ਨੂੰ ਬਦਲਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਇਹ ਮੰਗ ਪੰਥਕ ਸੰਦਰਭ ਵਿੱਚ ਹੀ ਕੀਤੀ ਹੈ ਅਤੇ ਜਥੇਦਾਰ ਪੰਥ ਦਾ ਵਿਸ਼ਵਾਸ਼ ਗੁਆ ਚੁੱਕੇ ਹਨ ਇਸ ਲਈ ਬਿਨਾਂ ਕਿਸੇ ਦੇਰੀ ਤ ਇਹਨਾਂ ਨੂੰ ਹਟਾ ਕੇ ਕਾਰਜਕਾਰੀ ਜਥੇਦਾਰ ਲਗਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਇਹ ਮੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਕੋਲ ਵੀ ਉਠਾਈ ਹੈ ਅਤੇ ਜਿੰਨਾ ਚਿਰ ਤੱਕ ਜਥੇਦਾਰ ਬਦਲੇ ਨਹੀ ਜਾਂਦੇ ਉਹ ਆਪਣੀ ਮੰਗ ਬਾਰ ਬਾਰ ਦੁਹਰਾਉਦੇ ਰਹਿਣਗੇ। ਦੀਵਾਲੀ ਤੇ ਜਥੇਦਾਰ ਵੱਲੋ ਸੰਦੇਸ਼ ਦੇਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਜਥੇਦਾਰ ਪੰਥਕ ਸਫਾਂ ਵਿੱਚ ਆਪਣਾ ਅਧਾਰ ਗੁਆ ਬੈਠੇ ਹਨ ਅਤੇ ਇਸ ਲਈ ਜਥੇਦਾਰ ਦੀ ਬਜਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਕੌਮ ਦੇ ਨਾਮ ਸੰਦੇਸ਼ ਦੇਣਾ ਚਾਹੀਦਾ ਹੈ। ਜਦੋ ਉਹਨਾਂ ਨੂੰ ਪੁੱਛਿਆ ਗਿਆ ਕਿ ਜਥੇਦਾਰ ਪੈਦਾਇਸ਼ ਤਾਂ ਦਮਦਮੀ ਟਕਸਾਲ ਦੀ ਹਨ ਤਾਂ ਉਹਨਾਂ ਕਿਹਾ ਕਿ ਦਮਦਮੀ ਟਕਸਾਲ ਵਿਦਿਆਰਥੀ ਪੈਦਾ ਕਰਦੀ ਹੈ ਤੇ ਜੇਕਰ ਕੋਈ ਵਿਦਿਆਰਥੀ ਪੰਥਕ ਰਵਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਲਈ ਦਮਦਮੀ ਟਕਸਾਲ ਕਾਰਵਾਈ ਕਰਨ ਦੀ ਮੰਗ ਹੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹ ਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀ ਕਰ ਸਕਦੇ ਕਿਉਕਿ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਹੁੰਦਾ ਹੈ। ਪੰਜ ਪਿਆਰਿਆ ਬਾਰੇ ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਪੰਜ ਪਿਆਰਿਆ ਦਾ ਰੁਤਬਾ ਬਹੁਤ ਉੱਚਾ ਤੇ ਸੁੱਚਾ ਹੈ ਤੇ ਪੰਜ ਪਿਆਰਿਆ ਦੇ ਆਦੇਸ਼ਾ ਦੀ ਵੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਸਮੇਂ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਅਗਵਾਨ ਤੇ ਦਮਦਮੀ ਟਕਸਾਲ ਦੇ ਬੁਲਾਰੇ ਭਾਈ ਅਜੈਬ ਸਿੰਘ ਅਭਿਆਸੀ ਵੀ ਮੌਜੂਦ ਸਨ।