ਡੇਰਾ ਬਾਬਾ ਕੌਲਦਾਸ ਵਿਖੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਸਬੰਧੀ ਚਿੱਠੀ ਰੱਖੀ

By November 6, 2015 0 Comments


deraਸਮਾਲਸਰ, 5 ਨਵੰਬਰ -ਕਸਬਾ ਸਮਾਲਸਰ (ਮੋਗਾ) ਵਿਖੇ ਇਕ ਨੌਜਵਾਨ ਵੱਲੋਂ ਬੀਤੀ ਸ਼ਾਮ ਡੇਰਾ ਬਾਬਾ ਕੌਲ ਦਾਸ ਵਿਖੇ ਦਰਬਾਰ ਹਾਲ ਵਿਚ ਪ੍ਰਕਾਸ਼ ਕੀਤੇ ਗੁਰੂ ਗਰੰਥ ਸਾਹਿਬ ਦੇ ਮੰਜੀ ਸਾਹਿਬ ਦੇ ਥੱਲੇ ਮੱਥਾ ਟੇਕਣ ਸਮੇਂ ਇਕ ਛੋਟੇ ਕਾਗਜ਼ ਦੇ ਟੁਕੜੇ ‘ਤੇ ਹੱਥ ਲਿਖਤ ਪੱਤਰ ਰੱਖ ਕੇ ਚਲੇ ਜਾਣ ਦਾ ਸਮਾਚਾਰ ਹੈ | ਇਸ ਨੌਜਵਾਨ ਜਿਸ ਦੀ ਉਮਰ 22 ਕੁ ਸਾਲ ਦੇ ਆਸ-ਪਾਸ ਹੈ, ਦੀ ਰਿਕਾਡਿੰਗ ਡੇਰਾ ਬਾਬਾ ਕੌਲ ਦਾਸ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ | ਇਸ ਘਟਨਾ ਦਾ ਡੇਰੇ ਵਿਖੇ ਤਾਇਨਾਤ ਗਰੰਥੀ ਜਸਪਾਲ ਸਿੰਘ ਜੱਸਾ ਨੂੰ ਸਵੇਰ ਵੇਲੇ ਪੱਤਾ ਲੱਗਾ | ਉਨ੍ਹਾਂ ਡੇਰਾ ਮੁਖੀ ਬਾਬਾ ਰਜਕ ਮੁਨੀ ਜੀ ਨੂੰ ਦੱਸਿਆ ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ | ਇਸ ਦੀ ਖਬਰ ਮਿਲਦਿਆਂ ਪੁਲਿਸ ਪ੍ਰਸ਼ਾਸ਼ਨ ਦੇ ਆਹਲਾ ਅਫਸਰ ਤੁਰੰਤ ਹਰਕਤ ਵਿਚ ਆਉਂਦਿਆਂ ਸਮਾਲਸਰ ਵਿਖੇ ਪਹੁੰਚੇ | ਇਸ ਮੌਕੇ ਪੁਲਿਸ ਦੇ ਅਧਿਕਾਰੀ ਪਹੁੰਚੇ | ਉਕਤ ਅਧਿਕਾਰੀਆਂ ਨੇ ਡੇਰਾ ਬਾਬਾ ਕੌਲ ਦਾਸ ਵਿਖੇ ਕੈਮਰੇ ਦੀ ਫੁਟੇਜ਼ ਨੂੰ ਦੇਖਿਆ ਤੇ ਰੱਖੀ ਗਈ ਹੱਥ ਲਿਖਤ ਦੀ ਘੋਖ ਕੀਤੀ | ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਇਸ ਵੀਡੀਓ ਫੁਟੇਜ ਦੀ ਪੂਰੀ ਤਫਤੀਸ਼ ਜਾਰੀ ਹੈ ਤੇ ਨਿੱਜੀ ਸਕੂਲ ਦੇ ਪ੍ਰਬੰਧਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਯਾਦ ਰਹੇ ਕਿ ਇਸ ਹੱਥ ਲਿਖਤ ਚਿੱਠੀ ਵਿਚ ਲਿਖਿਆ ਗਿਆ ਸੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਹੈ ਅਤੇ ਮੇਰੇ ਨਾਲ ਨਿੱਜੀ ਸਕੂਲ ਸਮਾਲਸਰ ਦਾ ਪ੍ਰਬੰਧਕ ਵੀ ਹੈ, ਉਸ ਨੂੰ ਗਿ੍ਫ਼ਤਾਰ ਕਰ ਲਵੋ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਮੱਲਕੇ ਵਾਂਗ ਸਮਾਲਸਰ ਵੀ ਅਜਿਹਾ ਕੀਤਾ ਜਾਵੇਗਾ | ਪੁਲਿਸ ਵੱਲੋਂ ਸਮਾਲਸਰ ਦੇ ਇਸ ਨਿੱਜੀ ਸਕੂਲ ਦੇ ਪ੍ਰਬੰਧਕ ਪੂਰਨ ਸਿੰਘ ਅਤੇ ਇਸ ਨਾਲ ਸਬੰਧਿਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਸਮਾਲਸਰ ਦੀ ਘਟਨਾ ਸਬੰਧੀ ਕੋਈ ਪਰਚਾ ਆਦਿ ਦਰਜ ਨਹੀਂ ਕੀਤਾ |