ਸੁਖਬੀਰ ਨੂੰ ਹੁਸ਼ਿਆਰਪੁਰ ਦੀਆਂ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਤੋਂ ਮਿਲਿਆ ਨਾਕਾਰਾਤਮਿਕ ਹੁੰਗਾਰਾ

By November 6, 2015 0 Comments


ਹੁਸ਼ਿਆਰਪੁਰ, 5 ਨਵੰਬਰ -ਬੀਤੇ ਦਿਨੀਂ ਅਕਾਲੀ ਦਲ ਕੋਰ ਕਮੇਟੀ ‘ਚ ਹੋਏ ਫ਼ੈਸਲੇ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੁੱਝ ਪੰਥਕ ਧਿਰਾਂ ਵੱਲੋਂ ਬੁਲਾਏ ਗਏ ਸਰਬੱਤ ਖ਼ਾਲਸਾ ਨੂੰ ਅਸਫ਼ਲ ਬਣਾਉਣ ਲਈ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਮੁਖੀਆਂ ਨਾਲ ਸੰਪਰਕ ਸਾਧਣ ਦੀ ਮੁਹਿੰਮ ਦੌਰਾਨ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਦੀ ਲਗਾਈ ਫੇਰੀ ਅਸਫ਼ਲ ਰਹਿਣ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ | ਜ਼ਿਕਰਯੋਗ ਹੈ ਕਿ ਜਿਨ੍ਹਾਂ ਧਾਰਮਿਕ ਸਥਾਨਾਂ ‘ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਗਏ, ਉਨ੍ਹਾਂ ਸਥਾਨਾਂ ਦਾ ਸਿੱਖ ਸੰਗਤਾਂ ‘ਚ ਬਹੁਤ ਸਤਿਕਾਰ ਹੈ |

ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸਰਬੱਤ ਖ਼ਾਲਸਾ ਸੱਦਣ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਮੁਅੱਤਲੀ ਨੂੰ ਲੈ ਕੇ ਉਪਜੇ ਹਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ | ਕਿਸੇ ਵੀ ਤਰੀਕੇ ਨਾਲ ਸਰਬੱਤ ਖ਼ਾਲਸਾ ਨੂੰ ਅਸਫ਼ਲ ਕਰਨ ਤੇ ਜਥੇਦਾਰਾਂ ਨੂੰ ਇਸੇ ਤਰ੍ਹਾਂ ਬਹਾਲ ਰੱਖਣ ਦੇ ਪੱਖ ‘ਚ ਜੋੜ-ਤੋੜ ਕਰਕੇ ਹਵਾ ਬਣਾਉਣ ਦੀਆਂ ਕੋਸ਼ਿਸ਼ਾਂ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸ: ਸੁਖਬੀਰ ਸਿੰਘ ਬਾਦਲ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸੇ ਸਿਲਸਿਲੇ ‘ਚ ਜਿੱਥੇ ਸਿਆਸੀ ਤੌਰ ‘ਤੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਰੁੱਝੇ ਹੋਏ ਹਨ, ਉੱਥੇ ਸਿੱਖ ਸੰਗਤਾਂ ‘ਚ ਚੰਗਾ ਪ੍ਰਭਾਵ ਰੱਖਣ ਵਾਲੇ ਸੰਤਾਂ-ਮਹਾਂਪੁਰਸ਼ਾਂ ਨੂੰ ਮਨਾਉਣ ਲਈ ਸੁਖਬੀਰ ਸਿੰਘ ਬਾਦਲ ਮੈਦਾਨ ‘ਚ ਉੱਤਰ ਪਏ ਤੇ ਆਪ ਸਿੱਖ ਸੰਪਰਦਾਵਾਂ ਦੇ ਮੁਖੀਆਂ ਨਾਲ ਕਮਰਾ ਬੰਦ ਮੀਟਿੰਗਾਂ ਕਰ ਰਹੇ ਹਨ | ਸੂਤਰਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਮੁੱਖ ਧਾਰਮਿਕ ਸਥਾਨ ਜਿੱਥੇ ਸੁਖਬੀਰ ਸਿੰਘ ਬਾਦਲ ਗਏ, ਉੱਥੇ ਉਨ੍ਹਾਂ ਨੂੰ ਕੋਈ ਸੰਤੁਸ਼ਟੀਜਨਕ ਨਤੀਜਾ ਨਹੀਂ ਮਿਲ ਸਕਿਆ |

Posted in: ਪੰਜਾਬ