ਲਗਨ ਅਤੇ ਮਿਹਨਤ ਲਈ ਜਾਣੇ ਜਾਂਦੇ ਹਨ ਹਰਜੀਤ ਸਿੰਘ ਸੱਜਣ

By November 6, 2015 0 Comments


harjit (3)ਟੋਰਾਂਟੋ, 5 ਨਵੰਬਰ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਨਵੇਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਚੁਫੇਰੇਓਂ ਵਧਾਈਆਂ ਮਿਲ ਰਹੀਆਂ ਹਨ। ਦੇਸ਼ ਦੇ ਇਤਿਹਾਸ ‘ਚ ਰੱਖਿਆ ਮੰਤਰੀ ਬਣਨ ਵਾਲੇ ਉਹ ਪ੍ਰਵਾਸੀ ਮੂਲ ਦੇ ਪਹਿਲੇ ਵਿਅਕਤੀ ਹਨ। 26 ਸਾਲ ਪਹਿਲਾਂ ਉਨ੍ਹਾਂ ਨੇ ਕੈਨੇਡਾ ਦੀ ਫੌਜੀ ਯੂਨਿਟ ‘ਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਸੀ ਤਾਂ ਇਨਕਾਰ ਹੋ ਗਿਆ ਸੀ ਪਰ ਲਗਨ ਨਾਲ ਮਿਹਨਤ ਜਾਰੀ ਰੱਖੀ ਅਤੇ ਆਖ਼ਿਰ ਭਰਤੀ ਹੋ ਕੇ ਲੈਫਟੀਨੈਂਟ ਕਰਨਲ (ਰਿਜ਼ਰਵ) ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਕਾਰਗੁਜ਼ਾਰੀ ਸਦਕਾ ਉਨ੍ਹਾਂ ਉੱਚ ਅਫਸਰਾਂ ਦਾ ਭਰੋਸਾ ਜਿੱਤਿਆ ਅਤੇ ਅਫਗਾਨਸਿਤਾਨ ‘ਚ ਤਿੰਨ ਵਾਰ ਫੌਜੀ ਮਿਸ਼ਨ ‘ਤੇ ਭੇਜਿਆ ਗਿਆ। 2006 ‘ਚ ਸ. ਸੱਜਣ ਉਸ ਵਕਤ ਚਰਚਾ ‘ਚ ਆਏ ਜਦ ਅਫਗਾਨਿਸਤਾਨ ਦੇ ਕੰਧਾਰ ਇਲਾਕੇ ‘ਚ ਫੌਜੀ ਮਿਸ਼ਨ ਦੌਰਾਨ ਓਥੋਂ ਦੇ ਗਵਰਨਰ ਅਸਦਉਲਾ ਖਾਲਿਦ ਅਤੇ ਅਹਿਮ ਵਲੀ ਕਰਜ਼ਈ ਦੇ ਲਾਗੇ ਰਹਿ ਕੇ ਕੰਮ ਕੀਤਾ। ਸ. ਸੱਜਣ ਦੇ ਮੰਤਰੀ ਬਣਨ ‘ਤੇ ਵਧਾਈ ਦਿੰਦਿਆਂ ਸੇਵਾ ਮੁਕਤ (ਕੰਧਾਰ ‘ਚ ਤਾਇਨਾਤ ਰਹੇ) ਬਿਰਗੇਡੀਅਰ ਜਨਰਲ ਦੇਵ ਫਰੇਜ਼ਰ ਨੇ ਕਿਹਾ ਹੈ ਕਿ ਉਨ੍ਹਾਂ ਅਫਗਾਨਿਸਤਾਨ ‘ਚ ਉਸ ਵਕਤ ਕੰਮ ਕੀਤਾ ਜਦੋਂ ਕੈਨੇਡਾ ਦੇ ਫੌਜੀਆਂ ਨੂੰ ਤਾਲਿਬਾਨਾਂ ਵਲੋਂ ਸਖਤ ਮੁਕਾਬਲਾ ਦਿੱਤਾ ਜਾ ਰਿਹਾ ਸੀ। ਅਗਲੇ ਦਿਨਾਂ ‘ਚ ਸ. ਸੱਜਣ ਨੇ ਦੇਸ਼ ਦੇ ਰੱਖਿਆ ਮੰਤਰੀ ਵਜੋਂ (ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਚੋਣ ਵਾਅਦੇ ਮੁਤਾਬਿਕ) ਇਰਾਕ ਅਤੇ ਸੀਰੀਆ ‘ਚੋਂ ਕੈਨੇਡਾ ਦਾ ਫੌਜੀ ਮਿਸ਼ਨ ਖਤਮ ਕਰਨ ਦਾ ਫੈਸਲਾ ਨੇਪਰੇ ਚਾੜ੍ਹਨਾ ਹੈ ਪਰ ਭਾਈਵਾਲ ਮੋਹਰੀ ਦੇਸ਼ ਅਮਰੀਕਾ ਨਾਲ ਕੈਨੇਡਾ ਦੇ ਸਬੰਧ ਖਟਾਸ ‘ਚ ਪੈਣ ਤੋਂ ਸੁਚੇਤ ਵੀ ਰਹਿਣਾ ਹੈ।