ਸਿੱਖ ਕਤਲੇਆਮ ਦੇ ਦੋਸ਼ੀ ਸੰਘ ਵਰਕਰਾਂ ’ਤੇ ਕਾਰਵਾਈ ਕਰਨ ਮੋਦੀ: ਅਮਰਿੰਦਰ

By November 3, 2015 0 Comments


amarinderਨਵੀਂ ਦਿੱਲੀ, 3 ਨਵੰਬਰ : ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਅਾਂ ਦੇ ਕੇਸਾਂ ਦਾ ਸਾਹਮਣੇ ਕਰ ਰਹੇ ਆਰਅੈਸਅੈਸ ਵਰਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੰਗਾਰਦਿਅਾਂ ਪੁੱਛਿਆ ਕਿ ਪੀਡ਼ਤ ਸਿੱਖਾਂ ਨੂੰ ਇਨਸਾਫ਼ ਦੇਣ ਲਈ ਪ੍ਰਧਾਨ ਮੰਤਰੀ ਨੂੰ ਕਿਹਡ਼ੀ ਚੀਜ਼ ਰੋਕ ਰਹੀ ਹੈ। ਉਨ੍ਹਾਂ ਨੇ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਖ਼ਿਲਾਫ਼ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਰਾਸ਼ਟਰਪਤੀ ਭਵਨ ਵੱਲ ਰੋਸ ਮਾਰਚ ਕੀਤਾ। ਦੱਸਣਯੋਗ ਹੈ ਕਿ ਮਈ, 2014 ਵਿੱਚ ਕਾਂਗਰਸ ਦੇ ਕੇਂਦਰੀ ਸੱਤਾ ਵਿੱਚੋਂ ਬਾਹਰ ਹੋਣ ਬਾਅਦ ਕੈਪਟਨ ਪਹਿਲੀ ਵਾਰ ਕਾਂਗਰਸ ਵੱਲੋਂ ਉਲੀਕੇ ਕਿਸੇ ਸੰਘਰਸ਼ ਵਿੱਚ ਪੁੱਜੇ ਸਨ। ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕੀਤੇ ਦੇ ਰੋਸ ਵਿੱਚ ਪਿਛਲੇ ਮਹੀਨੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਕੀਤੇ ਗਏ ਪ੍ਰਦਰਸ਼ਨ ’ਤੇ ਸਾਬਕਾ ਮੁੱਖ ਮੰਤਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਸੀ। ਪਰ ਅੱਜ ਉਨ੍ਹਾਂ ਦੀ ਮੌਜੂਦਗੀ ਦਾ ਜੋਸ਼ ਨਜ਼ਰ ਆ ਰਿਹਾ ਸੀ।
ਕਈ ਆਗੂਅਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਦੀ ਮੌਜੂਦਗੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਮਿਲਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਪਰ ਉਨ੍ਹਾਂ ਕਿਹਾ ਕਿ ਉਹ ਅੱਜ ਇਸ ਸੰਘਰਸ਼ ਵਿੱਚ ਤਾਂ ਆਏ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮੋਦੀ ਸਰਕਾਰ ਘੱਟ ਗਿਣਤੀਅਾਂ ਪ੍ਰਤੀ ਅਸਹਿਣਸ਼ੀਲ ਹੈ। ਪੰਜਾਬ ਕਾਂਗਰਸ ਲੀਡਰਸ਼ਿਪ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਹਾਈਕਮਾਨ ਦਾ ਫ਼ੈਸਲਾ ਹੈ। ਪੰਜਾਬ ਲੀਡਰਸ਼ਿਪ ਬਾਰੇ ਕਦੋਂ ਫੈਸਲਾ ਹੋਵੇਗਾ ਬਾਰੇ ਕੈਪਟਨ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਪਾਰਟੀ ਨੇ ਜੋ ਵੀ ਕਰਨਾ ਹੋਵੇਗਾ ਬਹੁਤ ਜਲਦੀ ਕਰੇਗੀ।’ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਮਾਰਚ ਵਿੱਚ ਸ਼ਿਰਕਤ ਕਰਕੇ ਕੈਪਟਨ ਨੇ ਆਪਣੇ ਅੰਦਾਜ਼ ਵਿੱਚ ਸੰਕੇਤ ਦੇ ਦਿੱਤਾ ਹੈ ਕਿ ਉਹ ਕਿਤੇ ਨਹੀਂ ਗਏ ਹਨ ਅਤੇ ਨਾ ਹੀ ਕੋਈ ਨਵੀਂ ਪਾਰਟੀ ਬਣਾ ਰਹੇ ਹਨ। ਮੋਦੀ ਵੱਲੋਂ ਸਿੱਖ ਵਿਰੋਧੀ ਦੰਗਿਅਾਂ ਬਾਰੇ ਕਾਂਗਰਸ ’ਤੇ ਕੀਤੇ ਹਮਲੇ ਬਾਰੇ ਪੁੱਛਣ ’ਤੇ ਕੈਪਟਨ ਨੇ ਕਿਹਾ, ‘ਸਾਡੇ ’ਤੇ ਹਮਲਾ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਆਰਅੈਸਅੈਸ ਦੇ ਵਰਕਰਾਂ ’ਤੇ ਕਰਵਾਈ ਕਰਨੀ ਚਾਹੀਦੀ ਹੈ।’ ਉਨ੍ਹਾਂ ਦੱਸਿਆ ਕਿ ਸਿੱਖ ਕਤਲੇਆਮ ਦੇ ਦੋਸ਼ ਵਿੱਚ ਆਰਅੈਸਅੈਸ ਦੇ ਵਰਕਰਾਂ ਖ਼ਿਲਾਫ਼ 120 ਕੇਸ ਦਰਜ ਹਨ।

Posted in: ਪੰਜਾਬ