ਤਿੰਨ ਤਖ਼ਤਾਂ ਦੇ ਜਥੇਦਾਰਾਂ ਬਾਰੇ ਫ਼ੈਸਲਾ ਅਜੇ ਨਹੀਂ

By November 3, 2015 0 Comments


badalਚੰਡੀਗੜ੍ਹ, (3 ਨਵੰਬਰ,ਤਰਲੋਚਨ ਸਿੰਘ):ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਸ਼ਾਮ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫਿਲਹਾਲ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਨਾ ਹਟਾਉਣ ਦਾ ਫੈਸਲਾ ਲਿਆ ਹੈ। ਕੋਰ ਕਮੇਟੀ ਨੇ ਪਹਿਲਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਬੁਲਾਏ ਸਰਬੱਤ ਖਾਲਸਾ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਵਾਚਣ ਅਤੇ ਉਸ ਅਨੁਸਾਰ ਹੀ ਜਥੇਦਾਰਾਂ ਬਾਰੇ ਕੋਈ ਫੈਸਲਾ ਲੈਣ ਦੀ ਰਣਨੀਤੀ ਬਣਾਈ ਹੈ। ਇਸ ਤੋਂ ਇਲਾਵਾ ਕੋਰ ਕਮੇਟੀ ਨੇ ਸਰਬੱਤ ਖਾਲਸਾ ਵਿਚ ਕਿਸੇ ਤਰਾਂ ਦੀ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਨਾ ਕਰਨ ਦਾ ਫੈਸਲਾ ਵੀ ਲਿਆ ਹੈ। ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਨੇ ਪਿਛਲੇ ਦਿਨੀਂ ਸਿਰਸਾ ਡੇਰਾ ਦੇ ਮੁਖੀ ਨੂੰ ਮੁਆਫ਼ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਪੰਜਾਬ ਪੁਲੀਸ ਵੱਲੋਂ ਸਿੱਖ ਜਥੇਬੰਦੀਆਂ ਉਪਰ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਦੋ ਭਰਾਵਾਂ ਨੂੰ ਇਸ ਮਾਮਲੇ ਫੜਣ ਦੇ ਮੁੱਦਿਆਂ ਉਪਰ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਿਆ ਹੈ। ਇਨ੍ਹਾਂ ਸਿੱਖ ਜਥੇਬੰਦੀਆਂ ਵੱਲੋਂ ਵੀ 4 ਨਵੰਬਰ ਨੂੰ ਚੰਡੀਗੜ੍ਹ ਮੀਟਿੰਗ ਸੱਦ ਲਈ ਹੈ ਜਿਸ ਵਿਚ ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਪਾਰਟੀ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਦਭਾਵਨਾ ਰੈਲੀਆਂ ਕਰਨ ਦਾ ਫੈਸਲਾ ਲਿਆ ਹੈ। ਪਹਿਲੀ ਰੈਲੀ 23 ਨਵੰਬਰ ਨੂੰ ਬਠਿੰਡਾ ਵਿਖੇ ਅਤੇ ਅੰਤਮ ਰੈਲੀ 20 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗੀ। ਰੈਲੀਆਂ ਵਿੱਚ ਜਨਤਾ ਨੂੰ ਪੰਜਾਬ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਠੇਸ ਪਹੁੰਚਣ ਵਾਲੀਆਂ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਕੋਰ ਕਮੇਟੀ ਦੇ ਮੈਂਬਰਾਂ ਨੇ ਗਰਮ ਖਿਆਲੀ ਜਥੇਬੰਦੀਆਂ ਨੂੰ ਆਮ ਸਿੱਖਾਂ ਤੱਕ ਪਹੁੰਚ ਕਰਨ ਤੋਂ ਰੋਕਣ ਲਈ ਗੰਭੀਰ ਵਿਚਾਰਾਂ ਕੀਤੀਆਂ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਦੋ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਰਿਹਾਅ ਕਰਨ, ਬੇਅਦਬੀ ਦੇ ਸਬੰਧ ਵਿਚ ਦਰਜ ਕੀਤੇ ਮਾਮਲਿਆਂ ਨੂੰ ਪੰਜਾਬ ਪੁਲੀਸ ਤੋਂ ਵਾਪਸ ਲੈ ਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕਰਨ ਦੇ ਕਦਮਾਂ ਉਪਰ ਵੀ ਚਰਚਾ ਹੋਈ। ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਵੱਖ-ਵੱਖ ਮੁੱਦਿਆਂ ਉਪਰ ਪੈਰ ਪਿੱਛੇ ਖਿਸਕਾਉਣ ਦੀ ਰਣਨੀਤੀ ਦੀ ਵੀ ਪੜਚੋਲ ਕੀਤੀ ਗਈ। ਮੀਟਿੰਗ ਵਿਚ ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਅਵਤਾਰ ਸਿੰਘ ਮੱਕੜ, ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ, ਡਾ. ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ, ਮਨਜੀਤ ਸਿੰਘ ਜੀ.ਕੇ., ਅਵਤਾਰ ਸਿੰਘ ਹਿੱਤ, ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹੋਏ। ਗ਼ੈਰਹਾਜ਼ਰ ਮੈਬਰਾਂ ਵਿਚ ਗੁਰਦੇਵ ਸਿੰਘ ਬਾਦਲ, ਚਰਨਜੀਤ ਸਿੰਘ ਅਟਵਾਲ ਅਤੇ ਪਿਛਲੇ ਦਿਨੀਂ ਹੀ ਪਾਰਟੀ ਵਿੱਚੋਂ ਕੱਢੇ ਬਲਵੰਤ ਸਿੰਘ ਰਾਮੂਵਾਲੀਆ ਸ਼ਾਮਲ ਹਨ।
ਮੀਟਿੰਗ ਵਿਚ ਰਾਜ ਵਿੱਚ ਪੈਦਾ ਹੋਏ ਪਾਰਟੀ ਵਿਰੋਧੀ ਮਾਹੌਲ ਦਾ ਮੁਕਾਬਲਾ ਕਰਨ ਲਈ ਲੋਕਾਂ ਵਿਚ ਜਾਣ ਦੀ ਰਣਨੀਤੀ ਬਣਾਈ ਹੈ। ਇਸ ਮੌਕੇ ਕੋਰ ਕਮੇਟੀ ਦੇ ਮੈਬਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਾਲਾਤ ਖਰਾਬ ਕਰਨ ਦੇ ਯਤਨ ਕਰ ਰਹੇ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਲਈ ਕਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਨਵੰਬਰ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ ਤੇ ਨਾਲ ਹੀ ‘‘ਕਾਂਗਰਸ ਪਾਰਟੀ ਦੀ ਸ਼ਹਿ ੳੁੱਤੇ ਹੋਈ ਇਸ ਗੰਭੀਰ ਸਾਜ਼ਿਸ਼’’ ਦੇ ਸਾਰੇ ਪਹਿਲੂਆਂ ਦਾ ਖੁਲਾਸਾ ਕੀਤਾ ਜਾਵੇ। ਮੀਟਿੰਗ ਵਿਚ 1984 ਦੇ ਸ਼ਹੀਦ ਹੋਏ ਸ਼ਹੀਦ ਹੋਏ ਸਿੱਖਾਂ, ਬੀਬੀਆਂ ਅਤੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗੲੀ। ਕੋਰ ਕਮੇਟੀ ਨੇ ਇਸ ਦ੍ਰਿੜ ਵਿਸ਼ਵਾਸ ਨੂੰ ਦੁਹਰਾਇਆ ਕਿ ਪੰਜਾਬ ਵਿੱਚ ਕਾਇਮ ਕੀਤੀ ਅਮਨ, ਸ਼ਾਂਤੀ, ਸਾਂਝੀਵਾਲਤਾ ਤੇ ਸਦਭਾਵਨਾ ਦੇ ਮਾਹੌਲ ਨੂੰ ਕਿਸੇ ਵੀ ਕੀਮਤ ’ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਵਿਚ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ। ਕੋਰ ਕਮੇਟੀ ਨੇ ਪੰਜਾਬ ਦੀ ਜਨਤਾ ਨੂੰ ਸੂਬੇ ਵਿੱਚ ਅਮਨ, ਸ਼ਾਂਤੀ, ਆਪਸੀ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਇਨ੍ਹਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਆਪਸੀ ਪਿਆਰ, ਏਕਤਾ ਤੇ ਇਤਫ਼ਾਕ ਬਣਾਈ ਰੱਖਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਪੰਜਾਬ ਵਿੱਚ ਝੋਨੇ ਦੇ ਸੁਚਾਰੂ ਖਰੀਦ ਪ੍ਰਬੰਧਾਂ ਅਤੇ ਕੁਦਰਤੀ ਆਫਤਾਂ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਵੰਡ ਉਪਰ ਤਸੱਲੀ ਪ੍ਰਗਟਾਈ। ਪਿਛਲੇ ਦਿਨੀਂ ਸੰਪੂਰਨ ਹੋਏ ਨਿਵੇਸ਼ ਸੰਮੇਲਨ ਦੀ ਸਫਲਤਾ ਲਈ ਉਪ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਕੋਰ ਕਮੇਟੀ ਸਰਬੱਤ ਖਾਲਸਾ ਸੰਮੇਲਨ ਦੌਰਾਨ ਅਮਨ ਤੇ ਕਾਨੂੰਨ ਦੀ ਕੋਈ ਸਥਿਤੀ ਪੈਦਾ ਹੋਣ ਦੀ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਦਾ ਵੀ ਸਹਿਯੋਗ ਲੈਣ ਦੇ ਰੌਂਅ ਵਿਚ ਜਾਪਦੀ ਹੈ ਕਿਉਂਕਿ ਮੀਟਿੰਗ ਦੇ ਅਖੀਰ ਵਿਚ ਭਾਜਪਾ ਦੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੂੰ ਵੀ ਸੱਦਿਆ ਗਿਆ।

Posted in: ਪੰਜਾਬ