ਯੂਕੇ ’ਚ ਸਿੱਖ ਸੈਨਿਕਾਂ ਦੇ ਸਨਮਾਨ ਵਿੱਚ ਸਮਾਰਕ

By November 2, 2015 0 Comments


armyਲੰਡਨ, 2ਨਵੰਬਰ:ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਲਡ਼ਨ ਵਾਲੇ ਸਿੱਖ ਸੈਨਿਕਾਂ ਦੀ ਯਾਦ ਵਿੱਚ ਇੰਗਲੈਂਡ ਦੇ ਵੈਸਟ ਮਿੱਡਲੈਂਡਜ਼ ਖੇਤਰ ਵਿੱਚ ਇਕ ਸਮਾਰਕ ਸਥਾਪਤ ਕੀਤਾ ਗਿਆ ਹੈ। ਆਲਮੀ ਜੰਗ ਵਿੱਚ ਹਿੱਸਾ ਲੈਣ ਵਾਲੇ ਇਕ ਲੱਖ 30 ਹਜ਼ਾਰ ਸਿੱਖ ਸੈਨਿਕਾਂ ਦੀ ਯਾਦ ’ਚ ਸਟੈਫੋਰਡਸ਼ਾਇਰ ਦੀ ਕੌਮੀ ਯਾਦਗਾਰ ਵਿੱਚ ਸਥਾਪਤ ਕੀਤੇ ਗਏ ਇਸ ਸਮਾਰਕ ਤੋਂ ਕੱਲ੍ਹ ਪਰਦਾ ਹਟਾਇਆ ਗਿਆ। ਇਸ ਯਾਦਗਾਰ ਲਈ 150 ਲੋਕਾਂ ਨੇ 22 ਹਜ਼ਾਰ ਪੌਂਡ ਦਾਨ ਕੀਤੇ ਹਨ। ਦੱਸਣਯੋਗ ਹੈ ਕਿ ਇਸ ਯੁੱਧ ਸਮੇਂ ਭਾਰਤ ਦੀ ਆਬਾਦੀ ਦਾ ਸਿੱਖ ਮਹਿਜ਼ ਇਕ ਫ਼ੀਸਦ ਸਨ ਪਰ ਬ੍ਰਿਟਿਸ਼ ਭਾਰਤੀ ਸੈਨਾ ਵਿੱਚ 20 ਫ਼ੀਸਦ ਸਿੱਖ ਸਨ।

ਸੰਸਥਾ ‘ਸਿੱਖ ਮੈਮੋਰੀਅਲ ਫੰਡ’ ਦੇ ਬਾਨੀ ਤੇ ਚੇਅਰਮੈਨ ਜੈ ਸਿੰਘ ਸੋਹਲ ਨੇ ਦੱਸਿਆ ਕਿ ਬਰਤਾਨਵੀ ਸਮਰਾਜ ਵੱਲੋਂ ਲਡ਼ਨ ਲਈ ਬਹੁਤ ਸਾਰੇ ਸਿੱਖ ਪਹਿਲੀ ਵਾਰ ਆਪਣੇ ਪਿੰਡੋਂ ਬਾਹਰ ਨਿਕਲ ਕੇ ਵਿਦੇਸ਼ ਗਏ ਸਨ। ਉਦੋਂ ਬ੍ਰਿਟੇਨ ਕੋਲ ਆਪਣੇ ਸੈਨਿਕ ਨਹੀਂ ਸਨ ਅਤੇ ਸਿੱਖਾਂ ਨੇ ਅੱਗੇ ਹੋ ਕੇ ਇਹ ਜੰਗ ਲਡ਼ੀ ਸੀ। ਸਿੱਖਾਂ ਨੇ ਇਸ ਜੰਗ ਵਿੱਚ ਵੱਡਾ ਯੋਗਦਾਨ ਪਾਇਆ ਸੀ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਸਮਾਰਕ ਦੀ ਗੱਲ ਕਰਦਿਅਾਂ ਉਨ੍ਹਾਂ ਦੱਸਿਆ, ‘ਸਿਰ ’ਤੇ ਦਸਤਾਰ, ਖੁੱਲ੍ਹਾ ਦਾਡ਼ਾ ਅਤੇ ਵਰਦੀ ਵਾਲੇ ਇਸ ਯਾਦਗਾਰੀ ਬੁੱਤ ਵਿੱਚ ਉਸ ਸਮੇਂ ਦੇ ਸਿੱਖ ਸੈਨਿਕ ਦੀ ਦਿੱਖ ਹੈ। ਜੋ ਉਸ ਸਮੇਂ ਦੇ ਸਿੱਖ ਸੈਨਿਕਾਂ ਦੇ ਜਲੌਅ ਨੂੰ ਪੇਸ਼ ਕਰਦਾ ਹੈ।’ ਸ੍ਰੀ ਸੋਹਲ ਨੇ ਦੱਸਿਆ ਕਿ ਇਸ ਯਾਦਗਾਰ ਦੇ ਉਦਘਾਟਨ ਮੌਕੇ ਅਰਦਾਸ ਕੀਤੀ ਗਈ ਅਤੇ ਬਰਤਾਨੀਆ ਵੱਲੋਂ ਆਲਮੀ ਜੰਗ ਵਿੱਚ ਲਡ਼ਨ ਵਾਲੇ ਸਾਰੇ ਸੈਨਿਕਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ।