ਸੱਭ ਤੋਂ ਵੱਧ ਖਰਚੀਲੇ ਸਾਂਸਦ ਵਿਨੋਦ ਖੰਨਾ, ਦੂਜੇ ਨੰਬਰ ’ਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਤੀਜੇ ’ਤੇ ਚੰਦੂਮਾਜਰਾ

By November 1, 2015 0 Comments


khanna
ਰੂਪਨਗਰ,(1 ਨਵੰਬਰ,ਬਹਾਦਰਜੀਤ ਸਿੰਘ): ਪੰਜਾਬ ਦੇ ਸੰਸਦ ਮੈਂਬਰਾਂ ਵਿੱਚੋਂ ਟਰਾਂਸਪੋਰਟ ਅਤੇ ਰੋਜ਼ਾਨਾ ਭੱਤੇ ਦੇ ਮਾਮਲੇ ਵਿੱਚ ਵਿਨੋਦ ਖੰਨਾ ਸਭ ਤੋਂ ਖਰਚੀਲੇ ਸੰਸਦ ਮੈਂਬਰ ਹਨ। ਇਹ ਜਾਣਕਾਰੀ ਆਰਟੀਆਈ ਕਾਰਕੁਨ ਵਕੀਲ ਦਿਨੇਸ਼ ਚੱਢਾ ਨੇ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੂਨ 2014 ਤੋਂ ਲੈ ਕੇ ਜੂਨ 2015 ਤਕ ਸ੍ਰੀ ਖੰਨਾ ਵੱਲੋਂ 14,19,518 ਰੁਪਏ ਟਰਾਂਸਪੋਰਟ ਤੇ ਰੋਜ਼ਾਨਾ ਭੱਤੇ ਵਜੋਂ ਲੋਕ ਸਭਾ ਤੋਂ ਹਾਸਲ ਕੀਤੇ ਗਏ। ਉਹ ਇਕੱਲੇ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਇੱਕ ਮਹੀਨੇ (ਮਈ 2015) ਵਿੱਚ 3,85,963 ਰੁਪਏ ਦਾ ਟਰਾਂਸਪੋਰਟ ਤੇ ਰੋਜ਼ਾਨਾ ਭੱਤਾ ਹਾਸਲ ਕੀਤਾ ਹੈ। ਇੱਕ ਮਹੀਨੇ ਵਿੱਚ ਵੱਧ ਤੋਂ ਵੱਧ ਰੋਜ਼ਾਨਾ ਤੇ ਟਰਾਂਸਪੋਰਟ ਭੱਤਾ ਹਾਸਲ ਕਰਨ ਵਿੱਚ ਸ੍ਰੀ ਖੰਨਾ ਤੋਂ ਬਾਅਦ ਦੂਜਾ ਨੰਬਰ ਹਰਿੰਦਰ ਸਿੰਘ ਖ਼ਾਲਸਾ ਦਾ ਹੈ, ਜਿਨ੍ਹਾਂ ਨੇ ਅਕਤੂਬਰ 2014 ਵਿੱਚ 3,14,612 ਰੁਪਏ ਇਨ੍ਹਾਂ ਭੱਤਿਆਂ ਵਜੋਂ ਪ੍ਰਾਪਤ ਕੀਤੇ ਹਨ। ਇਸ ਸਮੇਂ ਦੌਰਾਨ ਟਰਾਂਸਪੋਰਟ ਤੇ ਰੋਜ਼ਾਨਾ ਭੱਤੇ ਦੀ ਕੁੱਲ ਰਕਮ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਸ੍ਰੀ ਖੰਨਾ ਤੋਂ ਬਾਅਦ ਦੂਜਾ ਨੰਬਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਹੈ, ਜਿਨ੍ਹਾਂ ਨੇ ਇਸ ਸਮੇਂ ਦੌਰਾਨ 7,36,534 ਰੁਪਏ ਹਾਸਲ ਕੀਤੇ ਹਨ।
ਉਨ੍ਹਾਂ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੇ 9 ਮਹੀਨਿਆਂ ਦੇ 7,16,428 ਰੁਪਏ, ਹਰਿੰਦਰ ਸਿੰਘ ਖ਼ਾਲਸਾ ਨੇ 8 ਮਹੀਨਿਆ ਵਿੱਚ 6,79,828 ਰੁਪਏ, ਰਵਨੀਤ ਸਿੰਘ ਬਿੱਟੂ ਨੇ 6 ਮਹੀਨਿਆਂ ਵਿੱਚ 6,38,396 ਰੁਪਏ, ਸ਼ੇਰ ਸਿੰਘ ਘੁਬਾਇਆ ਨੇ 8 ਮਹੀਨਿਆਂ ’ਚ 6,12,181 ਰੁਪਏ, ਵਿਜੈ ਸਾਂਪਲਾ ਨੇ 4 ਮਹੀਨਿਆਂ ਵਿੱਚ 5,06,950 ਰੁਪਏ, ਭਗਵੰਤ ਮਾਨ ਨੇ 6 ਮਹੀਨਿਆਂ ਵਿੱਚ 4,01,221 ਰੁਪਏ, ਚੌਧਰੀ ਸੰਤੌਖ ਸਿੰਘ ਨੇ 10 ਮਹੀਨਿਆਂ ਵਿੱਚ 3,57,051 ਰੁਪਏ, ਡਾ. ਧਰਮਵੀਰ ਗਾਂਧੀ ਨੇ 6 ਮਹੀਨਿਆਂ ਵਿੱਚ 3,37,490 ਰੁਪਏ ਅਤੇ ਪ੍ਰੋ. ਸਾਧੂ ਸਿੰਘ ਨੇ 6 ਮਹੀਨਿਆਂ ਵਿੱਚ 2,71,936 ਰੁਪਏ ਇਨ੍ਹਾਂ ਭੱਤਿਆਂ ਵਜੋਂ ਹਾਸਲ ਕੀਤੇ ਹਨ। ਦੂਜੇ ਪਾਸੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ 1,18,04 ਰੁਪਏ ਹੀ ਹਾਸਲ ਕੀਤੇ ਹਨ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਰਾਂਸਪੋਰਟ ਤੇ ਰੋਜ਼ਾਨਾ ਭੱਤਾ ਹਾਸਲ ਨਹੀਂ ਕੀਤਾ।

ਐਡਵੋਕੇਟ ਚੱਢਾ ਵੱਲੋਂ ਪ੍ਰਾਪਤ ਅੰਕੜਿਆਂ ਮੁਤਾਬਕ ਗੁਜਰਾਤ ਅਤੇ ਦਿੱਲੀ ਦੇ ਭਾਜਪਾ ਦੇ ਸੰਸਦ ਮੈਂਬਰ ਟਰਾਂਸਪੋਰਟ ਤੇ ਰੋਜ਼ਾਨਾ ਭੱਤੇ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। ਗੁਜਰਾਤ ਸੰਸਦ ਮੈੈਂਬਰ ਜੈ ਸ੍ਰੀ ਬੈਨ ਪਟੇਲ ਨੇ ਅਕਤੂਬਰ 2014 ਵਿੱਚ 12,79,244 ਰੁਪਏ ਅਤੇ ਸੰਸਦ ਮੈਂਬਰ ਪੀ ਸੋਲੰਕੀ ਨੇ ਜੂਨ 2015 ਲਈ 12,74,850 ਰੁਪਏ ਪ੍ਰਾਪਤ ਕੀਤੇ ਹਨ। ਦਿੱਲੀ ਦੇ ਸੰਸਦ ਮੈਂਬਰ ਡਾ.ਉਦਿਤ ਰਾਜ ਨੇ ਦਸੰਬਰ 2014 ਲਈ ਟਰਾਂਸਪੋਰਟ ਤੇ ਰੋਜ਼ਾਨਾ ਭੱਤੇ ਦੇ 5,83,617 ਰੁਪਏ ਹਾਸਲ ਕੀਤੇ ਜਦਕਿ ਉਨ੍ਹਾਂ ਨੇ ਵੱਖ-ਵੱਖ 4 ਮਹੀਨਿਆਂ ਵਿੱਚ ਇਨ੍ਹਾਂ ਭੱਤਿਆ ਲਈ 14,15,874 ਰੁਪਏ ਹਾਸਲ ਕੀਤੇ। ਇਸੇ ਤਰ੍ਹਾਂ ਦਿੱਲੀ ਦੇ ਐਮਪੀ ਮਨੋਜ ਤਿਵਾੜੀ ਵੱਲੋਂ ਦਸੰਬਰ 2014 ਲਈ 5,29,305 ਰੁਪਏ ਹਾਸਲ ਕੀਤੇ ਗਏ ਜਦਕਿ ਉਨ੍ਹਾਂ ਨੇ 4 ਮਹੀਨਿਆਂ ਵਿੱਚ ਇਨ੍ਹਾਂ ਭੱਤਿਆਂ ਲਈ 9,17,122 ਰੁਪਏ ਲਏ। ਦਿੱਲੀ ਦੇ ਸੰਸਦ ਮੈਂਬਰ ਮਹੇਸ਼ ਗਿਰੀ ਨੇ ਇਨ੍ਹਾਂ ਭੱਤਿਆ ਦੇ 8 ਮਹੀਨਿਆਂ ਲਈ 10,82,800 ਰੁਪਏ, ਐਮਪੀ ਮਿਨਾਕਸ਼ੀ ਲੇਖੀ ਨੇ 3 ਮਹੀਨਿਆਂ ਦੇ 3,51,395 ਰੁਪਏ, ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ 1 ਮਹੀਨੇ ਦੇ 1,48,112 ਰੁਪਏ ਜਦਕਿ ਰਮੇਸ਼ ਬਿਧੂਰੀ ਵੱਲੋਂ 5 ਮਹੀਨਿਆਂ ਵਿੱਚ 5,09,262 ਰੁਪਏ ਇਨ੍ਹਾਂ ਭੱਤਿਆਂ ਵਜੋਂ ਹਾਸਲ ਕੀਤੇ ਗਏ।
Tags: ,
Posted in: ਪੰਜਾਬ