ਰਾਮੂਵਾਲੀਆ ਦੀ ਧੀ ਨੂੰ ਆਪੇ ਅਹੁਦੇ ਬਾਰੇ ਫੈਸਲਾ ਲੈ ਲੈਣਾ ਚਾਹੀਦਾ : ਚੀਮਾ

By November 1, 2015 0 Comments


ਰੂਪਨਗਰ, 1 ਨਵੰਬਰ- ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਪਾਰਟੀ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ। ਅੱਜ ਰੂਪਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਰਾਮੂਵਾਲੀਆ ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਹਨ ਅਤੇ ਕੇਂਦਰੀ ਮੰਤਰੀ ਵੀ ਰਹੇ ਹਨ। ਹੁਣ ੳੁਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਦੀ ਧੀ ਵੀ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਚੇਅਰਪਰਸਨ ਹੈ। ਸ੍ਰੀ ਰਾਮੂਵਾਲੀਆ ਨੇ ਜਿਸ ਢੰਗ ਨਾਲ ਅਚਾਨਕ ਪਾਰਟੀ ਛੱਡ ਕੇ ਕਿਸੇ ਹੋਰ ਥਾਂ ’ਤੇ ਅਹੁਦਾ ਪ੍ਰਵਾਨ ਕੀਤਾ ਹੈ, ੳੁਹ ਹੇਠਲੇ ਪੱਧਰ ਦੀ ਰਾਜਨੀਤੀ ਹੈ।
daljeet cheema
ਉਨ੍ਹਾਂ ਕਿਹਾ ਕਿ ਇਹ ਸ੍ਰੀ ਰਾਮੂਵਾਲੀਆ ਦਾ ਹੱਕ ਹੈ ਕਿ ਉਹ ਆਪਣੇ ਬਾਰੇ ਜਦੋਂ ਮਰਜ਼ੀ ਕੋਈ ਫ਼ੈਸਲਾ ਲੈ ਸਕਦੇ ਹਨ ਪਰ ਇਸ ਲਈ ਕੋਈ ਅਸੂਲ ਜ਼ਰੂਰ ਹੋਣਾ ਚਾਹੀਦਾ ਹੈ। ੳੁਨ੍ਹਾਂ ਕਿਹਾ ਕਿ ਕਿਸੇ ਸਿਧਾਂਤ ਦੇ ਆਧਾਰ ’ਤੇ ਪਾਰਟੀ ਛੱਡੀ ਜਾ ਸਕਦੀ ਹੈ ਜਾਂ ਕਿਸੇ ਪਾਰਟੀ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਕੇਵਲ ਵੱਡਾ ਅਹੁਦਾ ਮਿਲਣ ਦੇ ਆਧਾਰ ’ਤੇ ਪਾਰਟੀ ਛੱਡਣਾ ਸਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੱੱਡੇ ਆਗੂ ਅਚਾਨਕ ਅਜਿਹਾ ਫ਼ੈਸਲਾ ਕਰਦੇ ਹਨ ਤਾਂ ਪਾਰਟੀ ਦੇ ਲੱਖਾਂ ਵਰਕਰਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ, ਪਰ ਸ੍ਰੀ ਰਾਮੂਵਾਲੀਆਂ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਂਕਿ ਪਾਰਟੀ ਦੀ ਅਸਲ ਤਾਕਤ ਇਸ ਦੇ ਵਰਕਰ ਹਨ।
ਸ੍ਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਅਹੁਦੇ ਤੋਂ ਹਟਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ. ਚੀਮਾ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਵੱਲੋਂ ਕੀਤਾ ਜਾਵੇਗਾ ਪਰ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਖ਼ੁਦ ਹੀ ਇਸ ਸਬੰਧੀ ਫ਼ੈਸਲਾ ਲੈ ਲੈਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਿ ਅਕਾਲੀ ਦਲ ਦੀ ਡੁੱਬਦੀ ਬੇੜੀ ਵਿੱਚੋਂ ਚੂਹੇ ਛਾਲਾਂ ਮਾਰਨ ਲੱਗੇ ਹਨ ਬਾਰੇ ਡਾ. ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਕੋਈ ਅਕਾਲੀ ਦਲ ਛੱਡਦਾ ਵੀ ਹੈ ਤਾਂ ਉਹ 1000 ਕਿਲੋਮੀਟਰ ਦੂਰ ਜਾ ਕੇ ਕਿਸੇ ਹੋਰ ਪਾਰਟੀ ਨਾਲ ਜੁੜਦਾ ਹੈ ਪਰ ਕਾਂਗਰਸ ਵਿੱਚ ਸ਼ਾਮਲ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਚਿੰਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਵਿਅਕਤੀ ਅਕਾਲੀ ਦਲ ਵਿੱਚੋਂ ਭੱਜਦਾ ਵੀ ਹੈ ਤਾਂ ਉਹ ਕਾਂਗਰਸ ਵਿੱਚ ਸ਼ਾਮਲ ਕਿੳੁਂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਸਬੰਧਤ ਸਮਾਗਮ ਵਿੱਚ ਬੁਲਾਇਆ ਸੀ, ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਚਾਹੀਦਾ ਹੈ।