ਅਬੋਹਰ ਨੇੜੇ ਢਾਣੀ ਲਟਕਣ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪੁਲਿਸ ਹਿਰਾਸਤ ‘ਚ

By October 31, 2015 0 Comments


ਐੱਸ.ਐੱਸ.ਪੀ. ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਚ ਕੀਤਾ ਖ਼ੁਲਾਸਾ-ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਆਏ ਦੋਸ਼ੀ ਪੁਲਿਸ ਅੜਿੱਕੇ
beadvi

ਅਬੋਹਰ, 31 ਅਕਤੂਬਰ – ਕੁਝ ਦਿਨ ਪਹਿਲਾ ਇੱਥੋਂ ਨੇੜਲੀ ਢਾਣੀ ਲਟਕਣ ਵਿਖੇ ਕਿਸੇ ਗੁਰੂ ਦੋਖੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਦੋ ਅੰਗ ਪਾੜ ਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਆਪਣੀ ਸੂਝ-ਬੂਝ ਨਾਲ ਸੁਲਝਾ ਲਿਆ ਹੈ ਜਿਸ ਨਾਲ ਅੱਜ ਤੱਕ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਦਿੱਤੇ ਅਲਟੀਮੈਂਟਮ ਸਦਕਾ ਪੈਦਾ ਹੋਣ ਵਾਲੀ ਕੋਈ ਅਣ ਸੁਖਾਵੀਂ ਸਥਿਤੀ ਟੱਲ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਫ਼ਾਜ਼ਿਲਕਾ ਸਵਪਨ ਸ਼ਰਮਾ ਨੇ ਦੱਸਿਆ ਕਿ ਢਾਣੀ ਲਟਕਣ ਵਿਖੇ ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਉਨ੍ਹਾਂ ਦੱਸਿਆ ਕਿ ਢਾਣੀ ਲਟਕਣ ਦੇ ਵਾਸੀ ਵਿਜੇ ਕੁਮਾਰ ਪੁੱਤਰ ਪਿਆਰਾ ਲਾਲ ਨੇ 26 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪੱਤਰੇ ਪਾੜ ਕੇ ਆਪਣੇ ਘਰ ਲੈ ਗਿਆ ਸੀ ਅਤੇ ਪੁਲਿਸ ਨੂੰ ਜਦ ਸ਼ਾਮ ਕਰੀਬ ਸਾਢੇ ਛੇ ਵਜੇ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਦੂਸਰੇ ਦਿਨ ਸਵੇਰੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਪਤ ਤੌਰ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ 28-29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਿਜੇ ਕੁਮਾਰ ਆਪਣੇ ਰਿਸ਼ਤੇਦਾਰ ਸੋਨੂੰ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪੱਤਰੇ ਦੁਬਾਰਾ ਗੁਰਦੁਆਰਾ ਸਾਹਿਬ ਅੰਦਰ ਪਏ ਸੰਦੂਕ ਦੀ ਚਾਦਰ ਹੇਠ ਰੱਖ ਗਿਆ ਅਤੇ ਇਹ ਸਾਰੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ ਦੀ ਮਦਦ ਨਾਲ ਪੁਲਿਸ ਦੋਸ਼ੀਆਂ ਤੱਕ ਪੁੱਜ ਗਈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸੱਤ ਟੀਮਾਂ ਦਾ ਗਠਨ ਕੀਤਾ ਸੀ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਮਾਮਲਾ ਹੱਲ ਹੋਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਹੈ ਅਤੇ ਬੱਸ ਨੌਜਵਾਨਾਂ ਨੇ ਇਸ ਘਟਨਾ ਸਿਰਫ਼ ਇਕ ਸ਼ਰਾਰਤ ਵਜੋਂ ਅੰਜਾਮ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਅਬੋਹਰ ਸ: ਹਰਜੀਤ ਸਿੰਘ, ਡੀ.ਐੱਸ.ਪੀ. ਅਬੋਹਰ ਗੁਰਭੇਜ ਸਿੰਘ, ਡੀ.ਐੱਸ.ਪੀ. ਬੱਲੂਆਣਾ ਜਸਬੀਰ ਸਿੰਘ, ਡੀ.ਐੱਸ.ਪੀ. (ਡੀ) ਵੀਰ ਚੰਦ, ਥਾਣਾ ਸਿਟੀ-1 ਦੇ ਮੁਖੀ ਬਲਕਾਰ ਸਿੰਘ, ਐੱਸ.ਡੀ.ਐਮ. ਰਾਜ ਪਾਲ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਵੀ ਸਨ। ਪੁਲਿਸ ਨੇ ਉਕਤ ਦੋਵਾਂ ਖ਼ਿਲਾਫ਼ ਧਾਰਾ 295ਏ., 380 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ।