ਸੀ.ਬੀ.ਆਈ. ਵੱਲੋਂ ਕਾਤਿਲਾਂ ਨੂੰ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਮੰਦਭਾਗੀ : ਦਿੱਲੀ ਕਮੇਟੀ

By October 31, 2015 0 Comments


1984ਨਵੀਂ ਦਿੱੱਲੀ, (31 ਅਕਤੂਬਰ, 2015): 1984 ਸਿੱਖ ਕਤਲੇਆਮ ਕੇਸ ’ਚ ਮੁਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਸੀ.ਬੀ.ਆਈ. ਵੱਲੋਂ ਕਾਤਿਲਾਂ ਨੂੰ ਬਚਾਉਣ ਦੀਆਂ ਕਾਂਗਰਸ ਸਰਕਾਰਾਂ ਵੇਲੇ ਦੀਆਂ ਨੀਤੀਆਂ ਨੂੰ ਹੀ ਮੌਜ਼ੂਦਾ ਸਰਕਾਰ ਦੌਰਾਨ ਵੀ ਜਾਰੀ ਰਖਣ ਦਾ ਦੋਸ਼ ਲਗਾਇਆ ਹੈ।

ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਤੀਜ਼ੀ ਵਾਰ ਕਲੀਨ ਚਿੱਟ ਦੇਣ ਦੇ ਖਿਲਾਫ਼ ਪਟੀਸ਼ਨਰ ਲਖਵਿੰਦਰ ਕੌਰ ਵੱਲੋਂ ਕੜਕੜਡੂਮਾ ਕੋਰਟ ਵਿੱਖੇ ਪਾਈ ਗਈ ਪੋ੍ਰਟੈਸ਼ਟ ਪਟੀਸ਼ਨ ਦੌਰਾਨ ਵਕੀਲਾਂ ਦੀ ਹੋਈ ਬਹਿਸ਼ ਦਾ ਹਵਾਲਾ ਦਿੰਦੇ ਹੋਏ ਜੌਲੀ ਨੇ ਸੀ.ਬੀ.ਆਈ. ਵੱਲੋਂ ਕਾਤਿਲ ਦੇ ਬਚਾਵ ’ਚ ਦਿੱਤੀਆਂ ਗਈਆਂ ਦਲੀਲਾਂ ਨੂੰ ਇਨਸਾਫ਼ ਦਿਵਾਉਣ ਦੀ ਸੀ.ਬੀ.ਆਈ. ਦੀ ਜਿੰਮੇਵਾਰੀ ਤੋਂ ਮੂੰਹ ਮੋੜਨ ਦੇ ਤੌਰ ਤੇ ਪ੍ਰਭਾਸ਼ਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਲਗਾਤਾਰ ਗਵਾਹਾਂ ਨੂੰ ਅਦਾਲਤਾਂ ’ਚ ਝੂਠਾ ਸਾਬਿਤ ਕਰਨ ਦੀ ਸੋਚ ਨੂੰ ਲੈ ਕੇ ਅੱਗੇ ਵੱਧਦੀ ਰਹੀ ਹੈ। ਆਪਣੇ ਇਹਨਾਂ ਦਾਅਵੀਆਂ ਦੇ ਪੱਖ ’ਚ ਜੌਲੀ ਨੇ ਕਨੇਡਾ ਵਿੱਖੇ ਟਾਈਟਲਰ ਵੱਲੋਂ ਆਪਣੇ ਸਾਥੀ ਅਭਿਸ਼ੇਕ ਵਰਮਾ ਨਾਲ ਮਿਲ ਕੇ 2010 ਵਿੱਖੇ ਗਵਾਹ ਨੂੰ ਹਵਾਲਾ ਰਾਹੀਂ 5 ਕਰੋੜ ਰੁਪਏ ਇੱਕ ਟ੍ਰੱਸਟ ਰਾਹੀਂ ਭੇਜਣ ਦੇ ਸਬੂਤਾਂ ਦੀ ਗਵਾਹਾਂ ਵੱਲੋਂ ਪ੍ਰੋੜਤਾ ਕਰਨ ਦੇ ਬਾਵਜੂਦ ਸੀ.ਬੀ.ਆਈ. ਦੀ ਭੇਦਭਰੀ ਚੁੱਪੀ ਤੇ ਸਵਾਲ ਖੜੇ ਕੀਤੇ।

ਉਨ੍ਹਾਂ ਸਵਾਲ ਕੀਤਾ ਕਿ ਹਵਾਲਾ ਦੀ ਰਕਮ ਕਰਕੇ ਜਿਸ ਖਾਤੇ ਨੂੰ ਕਨੇਡੀਅਨ ਸਰਕਾਰ ਆਪਣੇ ਅਧਿਕਾਰ ’ਚ ਲੈਂਦੀ ਹੈ, ਸੀ.ਬੀ.ਆਈ. ਟਾਈਟਲਰ ਨੂੰ ਕਲੀਨ ਚਿੱਟ ਦੇਣ ਵੇਲੇ ਉਸ ਜਰੂਰੀ ਤੱਥ ਨੂੰ ਨਜ਼ਰਅੰਦਾਜ ਕਿਸ ਦਬਾਵ ਹੇਠ ਕਰਦੀ ਹੈ ? ਇਸਦੇ ਨਾਲ ਹੀ ਗਵਾਹੀ ਦੇਣ ਵਾਲੇ ਗ੍ਰੰਥੀ ਸੁਰਿੰਦਰ ਸਿੰਘ ਦੀ ਟਾਈਟਲਰ ਵੱਲੋਂ ਆਪਣੇ ਸਾਥੀ ਰਮੇਸ਼ ਪੋਪਲੀ ਦੀ ਮਦਦ ਨਾਲ ਕਲੀਨ ਚਿੱਟ ਦਿਵਾਉਣ ਵਾਲੀ ਵੀਡੀਓ ਰਿਕਾਰਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਗ੍ਰੰਥੀ ਦੀ ਭੇਦਭਰੀ ਹਾਲਾਤਾਂ ’ਚ ਹੋਈ ਮੌਤ ਦੇ ਕਾਰਨਾਂ ਤੇ ਸੀ.ਬੀ.ਆਈ. ਵੱਲੋਂ ਤਵੱਜੋਂ ਕਿਉਂ ਨਹੀਂ ਦਿੱਤੀ ਗਈ ? ਸੁਰਿੰਦਰ ਸਿੰਘ ਦੇ ਲੜਕੇ ਨਰਿੰਦਰ ਸਿੰਘ ਨੂੰ ਟਾਈਟਲਰ ਵੱਲੋਂ ਵੀਜਾ ਲਗਵਾ ਕੇ ਕਨੈਡਾ ਭੇਜਣ ਦੇ ਵਰਮਾ ਵੱਲੋਂ ਕੀਤੇ ਗਏ ਜਿਕਰ ਦਾ ਵੀ ਸੀ.ਬੀ.ਆਈ. ਨੇ ਕਨੇਡੀਅਨ ਦੂਤਘਰ ਤੋਂ ਪੜਤਾਲ ਕਿਉਂ ਨਹੀਂ ਕੀਤੀ ?

ਕਮੇਟੀ ਦੇ ਵਕੀਲਾਂ ਵੱਲੋਂ ਸਿੱਖ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਵਾਸਤੇ ਪੂਰੀ ਤਨਦੇਹੀ ਨਾਲ ਕਾਰਜ ਕਰਨ ਦੀ ਗੱਲ ਕਰਦੇ ਹੋਏ ਜੌਲੀ ਨੇ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਤਕ ਕਮੇਟੀ ਦੀ ਲੜਾਈ ਨੂੰ ਜਾਰੀ ਰੱਖਣ ਦਾ ਵੀ ਦਾਅਵਾ ਕੀਤਾ।

Posted in: ਰਾਸ਼ਟਰੀ