ਰੁਪਿੰਦਰ ਅਤੇ ਜਸਵਿੰਦਰ ਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ‘ਚੋਂ ਸਰੂਪ ਨੂੰ ਚੋਰੀ ਕਰਨ ਸਬੰਧੀ ਕੋਈ ਕੇਸ ਦਰਜ ਹੀ ਨਹੀਂ

By October 30, 2015 0 Commentsਚੰਡੀਗੜ੍ਹ, 31 ਅਕਤੂਬਰ -ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜੋ ਅੰਦੋਲਨ ਸੂਬੇ ਭਰ ‘ਚ ਚੱਲ ਰਿਹਾ ਹੈ ਅਤੇ 2 ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਉਕਤ ਕੇਸ ‘ਚ ਨਾਮਜ਼ਦ ਕਰਨ ਸਬੰਧੀ ਪੁਲਿਸ ਵਿਭਾਗ ਅਤੇ ਉਪ ਮੁੁੱਖ ਮੰਤਰੀ ਵੱਲੋਂ ਜੋ ਦਾਅਵੇ ਕੀਤੇ ਗਏ ਸਨ ਉਨ੍ਹਾਂ ਸਬੰਧੀ ਦਿਲਚਸਪ ਤੱਥ ਅੱਜ ਰਾਤ ਇਹ ਸਾਹਮਣੇ ਆਏ ਕਿ ਉਕਤ ਦੋਵੇਂ ਨੌਜਵਾਨਾਂ ‘ਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰਨ ਸਬੰਧੀ ਕੋਈ ਕੇਸ ਦਰਜ ਹੀ ਨਹੀਂ ਹੈ | ਇਨ੍ਹਾਂ ਦੋਵਾਂ ਨੌਜਵਾਨਾਂ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਮਗਰਲੇ ਦਿਨਾਂ ਤੋਂ ਸਰੂਪ ਦੀ ਚੋਰੀ ਸਬੰਧੀ ਦਰਜ ਕੇਸ ਵਾਪਿਸ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਇਹ ਕੇਸ ਝੂਠਾ ਦਰਜ ਕੀਤਾ ਗਿਆ ਹੈ | ਅੱਜ ਰਾਤ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਨਾਲ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਗੱਲਬਾਤ ਟੁੱਟ ਗਈ | ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਦੋਵਾਂ ਦਾ ‘ਲਾਈ ਡਿਟੈਕਟਰ ਟੈਸਟ’ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ | ਹਾਲਾਂਕਿ ਪਹਿਲਾਂ ਜਥੇਬੰਦੀਆਂ ਵੱਲੋਂ ਹਾਮੀ ਭਰਨ ‘ਤੇ ਸੂਬੇ ਦੇ ਡੀ. ਜੀ. ਪੀ. ਵੱਲੋਂ ਕੇਂਦਰ ਨਾਲ ਗੱਲਬਾਤ ਕਰਕੇ ਦਿੱਲੀ ਵਿਖੇ ਇਹ ਟੈਸਟ ਕਰਵਾਏ ਜਾਣ ਲਈ ਸੋਮਵਾਰ ਨੂੰ ਸਮਾਂ ਲਿਆ ਸੀ | ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ‘ਤੇ ਪੁਲਿਸ ਵੱਲੋਂ ਜੋ ਕੇਸ ਦਰਜ ਹੈ ਅਤੇ ਜਿਸ ਵਿਚ ਉਨ੍ਹਾਂ ਦੀ ਗਿ੍ਫ਼ਤਾਰੀ ਹੋਈ ਹੈ ਉਸ ਵਿਚ ਕੇਵਲ ਇਹ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਸਰੂਪ ਦੇ ਪਾੜ ਕੇ ਸੁਟੇ ਗਏ ਅੰਗਾਂ ਨੂੰ ਗੁਰਦੁਆਰਾ ਸਾਹਿਬ ‘ਚ ਇਕੱਠਾ ਕੀਤੇ ਜਾਣ ਤੋਂ ਬਾਅਦ ਜਬਰੀ ਚੁੱਕ ਲਿਆ ਅਤੇ ਨਾਜਾਇਜ਼ ਤੌਰ ‘ਤੇ ਆਪਣੇ ਕਬਜ਼ੇ ਵਿਚ ਰੱਖਿਆ | ਹਾਲਾਂਕਿ ਇਹ ਵੀ ਸਪੱਸ਼ਟ ਹੈ ਕਿ ਇਹ ਅੰਗ ਬਰਗਾੜੀ ਤੋਂ ਚੋਰੀ ਹੋਏ ਸਰੂਪ ਦੇ ਹਨ ਜਾਂ ਕਿਸੇ ਹੋਰ ਸਰੂਪ ਦੇ ਹਨ |
ਸਿੱਖ ਜਥੇਬੰਦੀਆਂ ਵੱਲੋਂ ਅੱਜ ਰਾਤ ‘ਲਾਈ ਡਿਟੈਕਟਰ ਟੈਸਟ’ ਤੋਂ ਇਨਕਾਰ ਕਰਨ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਇਕ ਵਾਰ ਫਿਰ ਟੁੱਟ ਗਈ ਅਤੇ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦੇ ਵਿਚ ਖੜੋਤ ਆ ਗਈ | ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਕਿਹਾ ਕਿ ਕਾਨੂੰਨਨ ਤੌਰ ‘ਤੇ ਸਰਕਾਰ ਲਈ ਇਹ ਸੰਭਵ ਨਹੀਂ ਕਿ ਦੋਵਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਰਕਾਰੀ ਕਾਰਵਾਈ ਦੇ ਰਿਹਾਅ ਕਰ ਦਿੱਤਾ ਜਾਵੇ | ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਦੋਵਾਂ ਨੌਜਵਾਨਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ | ਜਿਸ ਦੀ ਕਿ ਸਰਕਾਰੀ ਵਿਚੋਲਿਆਂ ਪੇਸ਼ਕਸ਼ ਕੀਤੀ ਸੀ |

Posted in: ਪੰਜਾਬ