ਚੰਡੀਗੜ੍ਹ ਨੇੜੇ ਲਾਇਆ ਧਰਨਾ ਪੰਥਕ ਧਿਰਾਂ ਨੇ ਦੇਰ ਰਾਤ ਚੁੱਕਿਆ

By October 30, 2015 0 Comments


Photo source ajit jalandhar

Photo source ajit jalandhar


ਐਸ. ਏ. ਐਸ. ਨਗਰ/ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ, 31 ਅਕਤੂਬਰ-ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ, ਬੇਅਦਬੀ ਮਾਮਲੇ ‘ਚ ਗਿ੍ਫ਼ਤਾਰ 2 ਸਿੱਖ ਨੌਜਵਾਨਾਂ ਦੀ ਰਿਹਾਈ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਵੀਂ ਵਿਸ਼ੇਸ਼ ਜਾਂਚ ਕਮੇਟੀ ਜਾਂ ਸੁਤੰਤਰ ਕਮਿਸ਼ਨ ਦੇ ਹਵਾਲੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੀਆਂ ਪੰਥਕ ਧਿਰਾਂ ਨੂੰ ਅੱਜ ਚੰਡੀਗੜ੍ਹ ਪੁਲਿਸ ਨੇ ਰਾਜਧਾਨੀ ਦੀ ਹੱਦ ‘ਤੇ ਹੀ ਰੋਕ ਦਿੱਤਾ | ਇਸ ਦੌਰਾਨ ਅੱਜ ਦੇਰ ਰਾਤ ਧਰਨੇ ‘ਤੇ ਬੈਠੀਆਂ ਸੰਗਤਾਂ ਨੇ ਜਦੋਂ ਸਰਕਾਰ ਨਾਲ ਉਨ੍ਹਾਂ ਦੇ ਨੁਮਾਇੰਦਿਆਂ ਰਾਹੀਂ ਹੋਈਆਂ 3 ਮੀਟਿੰਗਾਂ ਬੇਸਿੱਟਾ ਰਹੀਆਂ ਤਾਂ ਸਮੂਹ ਪ੍ਰਚਾਰਕ ਜਥੇਬੰਦੀਆਂ ਨੇ ਆਪਣਾ-ਆਪਣਾ ਖੂਨ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਇਕ ਬਾਟੇ ਵਿਚ ਇਕੱਠਾ ਕਰ ਲਿਆ | ਸਮੂਹ ਪ੍ਰਬੰਧਕਾਂ ਜਿਸ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਪੰਥਪ੍ਰੀਤ ਸਿੰਘ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਹੋਰਨਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਨੇ ਅੱਜ ਦੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਇਹ ਦੋ ਤਿੰਨ ਮੀਟਿੰਗਾਂ ਇਸ ਕਰਕੇ ਕਰਵਾਈਆਂ ਤਾਂ ਜੋ ਸੰਗਤ ਦਾ ਧਿਆਨ ਹੱਟ ਸਕੇ | ਰੋਹ ਵਿਚ ਆਈਆਂ ਸਮੂਹ ਸੰਗਤਾਂ ਨੇ ਚੰਡੀਗੜ੍ਹ-ਪੰਜਾਬ ਦੀ ਸਰਹੱਦ ‘ਤੇ ਲਗਾਏ ਸ਼ਾਂਤਮਈ ਧਰਨੇ ਦੀ ਸਮਾਪਤੀ ਕੀਤੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਿਰਧਾਰਤ ਦਿੱਤੇ ਪ੍ਰੋਗਰਾਮ ਤਹਿਤ ਸਮੂਹ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਤੋਂ ਇਲਾਵਾ ਸਮੂਹ ਵਿਧਾਇਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਰਕਾਰੀ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ |