ਸਿੱਖ ਪ੍ਰਚਾਰਕਾਂ ਨੂੰ ਚੰਡੀਗੜ ਵੜਨੋਂ ਰੋਕਿਆ – ਪ੍ਰਚਾਰਕਾਂ ਨੇ ਬਾਦਲ ਨੂੰ ਦਿੱਤਾ ਖੂਨ ਦਾ ਪਿਆਲਾ

By October 30, 2015 0 Comments


ਚੰਡੀਗੜ30 ਅਕਤੂਬਰ (ਅਰੁਣ ਆਹੂਜਾ) ਬਰਗਾੜੀ ਵਿਖੇ 25 ਅਕਤੂਬਰ ਨੂੰ ਐਲਾਨ ਕੀਤੇ ਅਨੁਸਾਰ ਫਤਿਹਗੜ ਸਾਹਿਬ ਤੋਂ ਚੰਡੀਗੜ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਦੀ ਰਿਹਾਇਸ਼ ਵਲ ਵੱਧ ਰਹੇ ਪ੍ਰਚਾਰਕਾਂ ਨੂੰ ਚੰਡੀਗੜ ਪੁਲਿਸ ਨੇ ਬੈਰੀਕੇਡ ਲਗਾ ਕੇ ਚੰਡੀਗੜ ਵੜਨੋਂ ਰੋਕ ਦਿਤਾ। ਸਮੂਹ ਪ੍ਰਚਾਰਕਾਂ ਵਲੋਂ ਸੜਕ ਤੇ ਹੀ ਧਰਨਾ ਲਗਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿਤਾ। ਜਿਥੇ ਪੰਜਾਬ ਸਰਕਾਰ ਦੇ ਨੁਮਾਂਇਦੇ ਵਜੋਂ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਕਈ ਵਾਰ ਆਏ ਪਰ ਹਰ ਵਾਰ ਕੋਈ ਗੱਲ ਸਿਰੇ ਨਹੀਂ ਚੜੀ।ਫਤਿਹਗੜ ਸਾਹਿਬ ਤੋਂ ਪੰਥਕ ਪ੍ਰਚਾਰਕ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ,ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ,ਗਿਆਨੀ ਕੇਵਲ ਸਿੰਘ ਸੰਤ ਦਲੇਰ ਸਿੰਘ ਖੇੜੀ, ਭਾਈ ਅਮਰੀਕ ਸਿੰਘ ਅਜਨਾਲਾ, ਵਾਲੇ ਸਮੇਤ ਵੱਡੀ ਗਿਣਤੀ ਵਿਚ ਪੰਥਕ ਰਾਗੀ ,ਢਾਡੀ, ਕਥਾਵਾਚਕਾਂ ਅਤੇ ਰਾਗੀ ਜਥੇ ਮਾਰਚ ਦੇ ਰੂਪ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੰਬ ਸਾਹਿਬ ਪਹੰੁਚੇ ਅਤੇ ਉਥੇ ਨਤਮਸਤਕ ਹੋਣ ਉਪਰੰਤ ਪੈਦਲ ਵਿਸ਼ਾਲ ਮਾਰਚ ਦੇ ਰੂਪ ਵਿਚ ਚੰਡੀਗੜ ਵੱਲ ਨੂੰ ਚਲੇ।

ਜਿਥੇ ਚੰਡੀਗੜ ਪੁਲਿਸ ਲਾਵ ਲਕਸ਼ਰ ਨਾਲ ਲੈਸ ਹੋਈ ਪੁੱਲ ਤੇ ਬੈਰੀਕੇਡ ਲਗਾ ਕੇ ਖੜੀ ਸੀ ਤਾਂ ਜੋ ਪਰਚਾਰਕ ਚੰਡੀਗੜ ਵਿਚ ਨਾ ਵੜ ਸਕਣ। ਜਿਵੇਂ ਹੀ ਮਾਰਚ ਪੁੱਲ ਦੇ ਕੋਲ ਪਹੰੁਚਿਆਂ ਤਾਂ ਚੰਡੀਗੜ ਪੁਲਿਸ ਨੇ ਇਕ ਦਮ ਪੁਜਿਸ਼ਨਾਂ ਲੈ ਲਈਆਂ ਜਿਸ ਨੂੰ ਵੇਖ ਕੇ ਇਕ ਵਾਰ ਇੰਝ ਲਗ ਰਿਹਾ ਸੀ ਕਿ ਪੁਲਿਸ ਵਲੋਂ ਇੰਨਸਾਫ਼ ਲਈ ਅੱਗੇ ਵੱਧ ਰਹੇ ਪ੍ਰਚਾਰਕਾਂ ਤੇ ਪਾਣੀ ਦੀਆਂ ਬੋਛਾਰਾਂ ਤੇ ਲਾਠੀ ਚਾਰਜ ਕਰ ਸਕਦੀ ਹੈ ਪਰ ਪੁਲਿਸ ਅਧਿਕਾਰੀਆਂ ਦੇ ਰੋਕਣਤੇ ਪ੍ਰਚਾਰਕਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਸੜਕ ਤੇ ਹੀ ਚੌਂਕੜਾ ਮਾਰਕੇ ਨਾਮ ਸਿਮਰਨ ਸ਼ੁਰੂ ਕਰ ਦਿਤਾ ਗਿਆ। ਪੰਜਾਬ ਸਰਕਾਰ ਵਲੋਂ ਆਏ ਪ੍ਰੋ. ਚੰਦੂਮਾਜਰਾ , ਵਿੱਤ ਮੰਤਰੀ ਢੀਂਡਸਾ ਅਤੇ ਬਰਾੜ ਵਲੋਂ ਪ੍ਰਚਾਰਕਾਂ ਨੂੰ ਕਿਹਾ ਗਿਆ ਕਿ ਉਹ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਜਮਾਨਤ ਕਰਵਾ ਲੈਣ ਪਰ ਪ੍ਰਚਾਰਕਾਂ ਨੇ ਇਸ ਗਲ ਤੋਂ ਸਾਫ ਮਨਾਂ ਕਰ ਦਿਤਾ। ਪ੍ਰਚਾਰਕਾਂ ਵਲੋਂ ਸਰਕਾਰੀ ਨੁਮਾਂਇੰਦਿਆਂ ਕਿਹਾ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਫੜਕੇ ਸਾਹਮਣੇ ਲਿਆਇਆ ਜਾਵੇ, ਬੇਦੋਸ਼ਿਆਂ ਨੂੰ ਬਿਨਾਂ ਕਿਸੇ ਸ਼ਰਤ ਛਡਿਆ ਜਾਵੇ, ਮਹਾਰਾਜ ਜੀ ਦੇ ਚੋਰੀ ਹੋਏ ਸਰੂਪ ਵੀ ਲਭਕੇ ਸੰਗਤ ਨੂੰ ਦਿਤੇ ਜਾਣ ਪਰ ਦੋ ਵਾਰ ਮੀਟਿੰਗਾਂ ਕਰਨ ਤੇ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ। ਪਿੰਡਾਂ ਵਿਚੋਂ ਧਰਨੇ ਤੇ ਬੈਠੀ ਸੰਗਤ ਲਈ ਲੰਗਰ ਬਣਾਏ ਲਿਆਂਦੇ ਗਏ ਜੋ ਕਿ ਡਿੳੂਟੀ ਤੇ ਤਾਇਨਾਤ ਪੁਲਿਸ ਨੂੰ ਵੀ ਛਕਾਇਆ ਗਿਆ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਕੀਤੇ ਗਏ ।