ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਪੁਲਸ ਦੀ ਗ੍ਰਿਫਤ ਤੋ ਬਾਹਰ : ਢੱਡਰੀਆ ਵਾਲੇ

By October 30, 2015 0 Commentsਸ਼੍ਰੀ ਫ਼ਤਹਿਗੜ੍ਹ ਸਾਹਿਬ, 30 ਅਕਤੂਬਰ (ਅਰੁਣ ਆਹੂਜਾ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੰਤਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਕਥਾਵਾਚਕਾਂ, ਗੰ੍ਰਥੀਆਂ ਅਤੇ ਸਿੱਖ ਸੰਗਤ ਵੱਲੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਅਰਦਾਸ ਕਰਨ ਉਪਰੰਤ ਵਿਸ਼ਾਲ ਰੋਸ ਮਾਰਚ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਟਾਲਣ ਲਈ ਪੁਲਸ ਵੱਲੋ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮਿੱਥੇ ਪ੍ਰੋਗਰਾਮ ਅਨੁਸਾਰ ਰੋਸ ਮਾਰਚ ਵਿਚ ਸ਼ਾਮਲ ਸੰਗਤਾਂ ਦਾ ਇਕੱਠ ਸਵੇਰ ਤੋ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਣਾ ਸ਼ੁਰੂ ਹੋ ਗਿਆ। ਰੋਸ ਮਾਰਚ ਸ਼ੁਰੂ ਕਰਨ ਤੋ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੇ ਕਿਹਾ ਕਿ ਇਸ ਨੂੰ ਪੰਜਾਬ ਸਰਕਾਰ ਦੀ ਨਲਾਇਕੀ ਹੀ ਕਿਹਾ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਜਾਂ ਫੇਰ ਸਰਕਾਰ ਦੀ ਇਸ ਵਿਚ ਬੇਈਮਾਨੀ ਦਿਖਾਈ ਦਿੰਦੀ ਹੈ ਕਿ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਸ੍ਰੀ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਅਤੇ ਨਿਰਦੋਸ਼ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਜੇ ਉਚ ਅਹੁਦਿਆਂ ਤੇ ਬੈਠੇ ਵਿਅਕਤੀ ਅਸਲ ਦੋਸ਼ੀਆਂ ਨੂੰ ਨਹੀਂ ਫੜ੍ਹ ਸਕਦੇ ਤਾਂ ਤੁਰੰਤ ਆਪਣੇ ਅਹੁਦੇ ਤੋ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਸ ਨੂੰ ਰਾਜਨੀਤੀ ਤੋ ਮੁਕਤ ਕਰਵਾਇਆ ਜਾਣਾ ਚਾਹੀਦਾ ਹੈ। ਜਦੋ ਉਨ੍ਹਾਂ ਨੂੰ ਰੋਸ ਮਾਰਚ ਦੌਰਾਨ ਖੂਨ ਲੈ ਕੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਗੱਲ ਦੇ ਭਾਵ ਨੂੰ ਸਮਝਣਾ ਚਾਹੀਦਾ ਹੈ। ਬੀਤੇ ਦਿਨੀ ਪੁਲਸ ਨੇ ਬੇਦੋਸ਼ੇ ਸਿੱਖਾਂ ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ, ਇਸ ਲਈ ਉਹ ਆਪਣੇ ਆਪ ਨੂੰ ਸਰਕਾਰ ਨੂੰ ਖੂਨ ਦੇਣ ਲਈ ਪੇਸ਼ ਕਰ ਰਹੇ ਹਨ।

ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਅਤੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚ ਸੰਗਤਾਂ ਸਾਹਮਣੇ ਆਉਣਾ ਚਾਹੀਦਾ ਹੈ। ਸਿੱਖ ਸੰਗਤ ਦੇ ਹਿਰਦੇ ਬਹੁਤ ਦੁਖੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਸਰਕਾਰ ਤੁਰੰਤ ਕਾਰਵਾਈ ਕਰੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਰੋਸ ਮਾਰਚ ਨੂੰ ਆਪਣਾ ਸਮਰਥਣ ਦਿੰਦੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਸ ਰੋਸ ਮਾਰਚ ਦਾ ਮਕਸਦ ਸਫਲ ਹੋਵੇ। ਇਸ ਮੌਕੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਗੀ ਭਾਈ ਜੋਗਿੰਦਰ ਸਿੰਘ ਰਿਆੜ ਨੇ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਸਮੁੱਚੇ ਪ੍ਰਚਾਰਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਸਭਨਾਂ ਦੇ ਅੰਗ ਸੰਗ ਹਨ, ਦੀ ਗੋਦ ਵਿੱਚ ਬੈਠ ਕੇ ਧਰਮ ਦਾ ਪ੍ਰਚਾਰ ਕਰਨ ਵਾਲੇ ਸਿੰਘਾਂ ’ਤੇ ਗੋਲੀਆਂ ਚਲਾਉਣੀਆਂ ਕਾਫੀ ਮੰਦਭਾਗੀ ਘਟਨਾ ਹੈ ।

ਰੋਸ ਮਾਰਚ ਸ਼ੁਰੂ ਕਰਨ ਤੋ ਪਹਿਲਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਦਲੇਰ ਸਿੰਘ ਖੇੜੀ ਵਾਲਿਆਂ, ਭਾਈ ਅਮਰੀਕ ਸਿੰਘ ਅਜਨਾਲਾ ਆਦਿ ਨੇ ਗੁਰੂਦੁਆਰਾ ਸਾਹਿਬ ਵਿਚ ਇੱਕਠੇ ਬੈਠ ਕੇ ਸਲਾਹ ਮਸ਼ਵਰਾ ਕੀਤਾ ਅਤੇ ਸੰਗਤਾਂ ਉਸ ਸਮੇਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਇਸ ਮੌਕੇ ਤਖਤ ਸ਼੍ਰੀ ਦਮਦਮਾਂ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਰੋਸ ਮਾਰਚ ਨੂੰ ਸਫਲ ਬਣਾਉਣ ਅਤੇ ਅਸਲ ਦੋਸ਼ੀਆਂ ਦੇ ਫੜ੍ਹੇ ਜਾਣ ਲਈ ਅਰਦਾਸ ਕੀਤੀ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਕੇਵਲ ਸਿੰਘ, ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਐਸ.ਜੀ.ਪੀ.ਸੀ. ਮੈਂਬਰ ਸੰਤ ਬਾਬਾ ਗੁਰਮੀਤ ਸਿੰਘ ਤਲੋਕੇਵਾਲਾ, ਬਾਬਾ ਸੁਰਿੰਦਰ ਸਿੰਘ, ਭਾਈ ਪੰਥਪ੍ਰੀਤ ਸਿੰਘ, ਰਾਗੀ ਜੋਗਿੰਦਰ ਸਿੰਘ ਰਿਆੜ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਖਾਲੀ ਦਲ(ਅ) ਦੇ ਮੁੱਖ ਬੁਲਾਰੇ ਅਤੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਇਲਾਕਾ ਸਕੱਤਰ ਧਰਮ ਸਿੰਘ ਕਲੌੜ, ਕੌਮੀ ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਦਫ਼ਤਰ ਸਕੱਤਰ ਰਣਜੀਤ ਸਿੰਘ ਲਿਬੜਾ, ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ, ਨਰਿੰਦਰ ਸਿੰਘ ਸੇਖੋ, ਬਾਬਾ ਨਰਿੰਦਰ ਸਿੰਘ ਲੋਹਾਰਾ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਭੁਪਿੰਦਰ ਸਿੰਘ ਖਾਂਸੀ ਵਾਲੇ, ਬਾਬਾ ਪਰਮਿੰਦਰ ਸਿੰਘ ਸੰਧੂਆਂ ਵਾਲੇ, ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਬਾਬਾ ਅਮਰਦੀਪ ਸਿੰਘ ਅਮ੍ਰਿਤਸਰ, ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਬਾਬਾ ਰਾਮ ਸਿੰਘ ਸਿੰਗੜਾ ਨਾਨਕਸਰ ਵਾਲੇ, ਬਾਬਾ ਬਲਵਿੰਦਰ ਸਿੰਘ ਰੋਣੀ, ਬਾਬਾ ਰਾਜਾ ਰਾਜ ਸਿੰਘ ਤਰਨਾ ਦਲ, ਬਾਬਾ ਧਰਮਵੀਰ ਸਿੰਘ ਸਮੇਤ ਹੋਰ ਹਾਜਰ ਸਨ। ਬਾਦ ਦੁਪਿਹਰ ਫੋਨ ਤੇ ਗੱਲਬਾਤ ਦੌਰਾਨ ਨਰਿੰਦਰ ਸਿੰਘ ਸੇਖੋ ਨਾਲ ਗੱਲ ਕਰਨ ਤੇ ਉਨ੍ਹਾ ਦੱਸਿਆ ਕਿ ਫਤਿਹਗੜ੍ਹ ਸਾਹਿਬ ਤੋ ਰੋਸ ਮਾਰਚ ਨੂੰ ਰਵਾਨਾ ਹੋਣ ਤੋ ਬਾਅਦ ਮੋਹਾਲੀ ਵਿਖੇ ਰੋਕ ਲਿਆ ਗਿਆ। ਸੰਤਾਂ ਮਹਾਂਪੁਰਸ਼ਾਂ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਆਨੰਦਪੁਰ ਸਾਹਿਬ ਤੋ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੁੱਜੇ। ਸੰਤ ਮਹਾਂਪੁਰਸ਼ਾਂ ਨੇ ਉਨ੍ਹਾਂ ਨੂੰ ਆਪਣੀ ਮੰਗਾਂ ਤੋ ਜਾਣੂ ਕਰਵਾ ਦਿੱਤਾ। ਗੱਲਬਾਤ ਤੋ ਬਾਅਦ ਇਹ ਨੁਮਾਇੰਦੇ ਸਰਕਾਰ ਨੂੰ ਸਥਿਤੀ ਜਾਣੂ ਕਰਵਾਉੁਣ ਲਈ ਚਲੇ ਗਏ। ਦੂਜੇ ਪਾਸੇ ਸੰਗਤਾਂ ਸਤਿਨਾਮ ਵਾਹਿਗੂਰ ਦਾ ਜਾਪ ਜਾਰੀ ਰੱਖਿਆ।