ਮਾਮਲਾ ਭਾਈ ਪਿੰਦਰਪਾਲ ਸਿੰਘ ਸੰਬੰਧੀ ਹੁਕਮਨਾਮੇ ਦਾ- ਅਕਾਲੀ ਦਲ ਦੇ ਆਗੂ ਨੇ ਸ਼੍ਰੋਮਣੀ ਕਮੇਟੀ ਵਿਰੁੱਧ ਖੋਲ੍ਹਿਆ ਮੋਰਚਾ

By October 29, 2015 0 Comments


ਜਲੰਧਰ, 29 ਅਕਤੂਬਰ-ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾ ਰਹੇ ਬੇਤੁਕੇ ਫੈਸਲਿਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਸਮਝੇ ਜਾਂਦੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਵਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਮੰਜੀ ਸਾਹਿਬ ਤੋਂ ਹੁਕਮਨਾਮੇ ਦੀ ਵਿਆਖਿਆ ਕਰਨ ਤੋਂ ਰੋਕੇ ਜਾਣ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਇੱਥੋਂ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਪਹਿਲਾਂ ਵੀ ਰਾਗੀ ਜਥਿਆਂ ਨੂੰ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਸਭ ਸ਼ੋਭਾ ਨਹੀਂ ਦਿੰਦਾ ਤੇ ਨਾ ਹੀ ਅਜਿਹੀ ਕਿਧਰੇ ਪਹਿਲਾਂ ਦੀ ਕੋਈ ਮਿਸਾਲ ਮਿਲਦੀ ਹੈ। ਗੁਰਚਰਨ ਸਿੰਘ ਚੰਨੀ, ਸ਼ੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਚਰਨਜੀਵ ਸਿੰਘ ਲਾਲੀ ਤੇ ਹੋਰ ਆਗੂਆਂ ਨੇ ਸਪੱਸ਼ਟ ਕਿਹਾ ਕਿ ਪਹਿਲਾਂ ਹੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਰਾਗੀਆਂ ਤੇ ਕਥਾਵਾਚਕਾਂ ਨੂੰ ਹਟਾ ਕੇ ਸਿੱਖ ਸੰਗਤਾਂ ਦੇ ਰੋਸ ਵਿੱਚ ਹੋਰ ਵਾਧਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਰਾਗੀਆਂ ਤੇ ਕਥਾਵਾਚਕ ਭਾਈ ਪਿੰਦਰ ਸਿੰਘ ਬਾਰੇ ਕੀਤਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਕਾਹਲੀ ਵਿਚ ਲਏ ਗਏ ਫੈਸਲੇ ਵਾਪਸ ਲੈਣੇ ਪੈ ਰਹੇ ਹਨ ਜਿਸ ਕਾਰਨ ਉਸ ਦੀ ਜੱਗ ਹਸਾਈ ਵੀ ਹੋ ਰਹੀ ਹੈ ਤੇ ਇਨ੍ਹਾਂ ਫੈਸਲਿਆਂ ਕਾਰਨ ਹੀ ਸਭ ਤੋਂ ਵੱਧ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਕਮੇਟੀ ਦੀ ਦਫਾ ਮਿੱਟੀ ਪੱਟੀ ਜਾ ਰਹੀ ਹੈ।

Posted in: ਪੰਜਾਬ