ਬੇਕਸੂਰਾਂ ਨੂੰ ਫਸਾਉਣ ਦਾ ਮਾਮਲਾ – ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਮਾਮਲੇ ਤੇ ਬੁਰੀ ਫਸੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ

By October 29, 2015 0 Comments


bargariਚੰਡੀਗੜ੍ਹ, (29 ਅਕਤੂਬਰ, ਦਵਿੰਦਰ ਪਾਲ):ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰਾਜ ਦਾ ਮਹੌਲ ਤਾਂ ਭਾਵੇਂ ਸ਼ਾਂਤ ਹੋ ਗਿਆ ਹੈ ਪਰ ਰਾਜ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਦ ਅਜੇ ਵੀ ਹਰਾਮ ਹੈ। ਸਰਕਾਰ ਅਤੇ ਪੰਜਾਬ ਪੁਲੀਸ ਲਈ ਸਭ ਤੋਂ ਵੱਡੀ ਚੁਣੌਤੀ ਬਰਗਾੜੀ ਘਟਨਾ ਦੇ ਦੋਸ਼ ਵਿੱਚ ਪਿੰਡ ਪੰਜਗਰਾਈਂ ਖੁਰਦ ਦੇ ਦੋ ਸਕੇ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਕੀਤੀ ਗੲੀ ਗ੍ਰਿਫਤਾਰੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਲਈ ਤਖ਼ਤਾਂ ਦੇ ਜਥੇਦਾਰ ਤੇ ਪੰਜ ਪਿਆਰਿਆਂ ਦੀ ਕਾਰਵਾਈ ਮੁਸੀਬਤ ਬਣੀ ਹੋਈ ਹੈ।
ਅਕਾਲੀ ਦਲ ਨੇ ੳੁਨ੍ਹਾਂ ਸ਼ਖ਼ਸੀਅਤਾਂ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਦਲ ਦੇ ਸੀਨੀਅਰ ਅਾਗੂਅਾਂ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਸਾਫ਼ ਕਰ ਦਿੱਤਾ ਹੈ ਕਿ ਬਰਗਾੜੀ ਘਟਨਾ ਦੇ ਦੋਸ਼ ਵਿੱਚ ਫੜੇ ਭਰਾਵਾਂ ਸਬੰਧੀ ਪੁਲੀਸ ਕਹਾਣੀ ਤੱਥਾਂ ਤੋਂ ਕੋਰੀ ਹੈ। ਪੁਲੀਸ ਵੱਲੋਂ ਵੀ ਇਸ ਤੋਂ ਬਚਣ ਦੇ ਰਾਹ ਤਲਾਸ਼ੇ ਜਾ ਰਹੇ ਹਨ। ‘ਲਾਈ ਡਿਟੈਕਟਰ ਟੈਸਟ’ ਵੀ ਬਚਾਅ ਦੀ ੲਿਕ ਤਰਕੀਬ ਹੀ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੁਲੀਸ ਅਧਿਕਾਰੀ ਸੁਮੇਧ ਸੈਣੀ ਦੀ ਡੀਜੀਪੀ ਵਜੋਂ ਛੁੱਟੀ ਦਾ ਫੌਰੀ ਕਾਰਨ ਵੀ ੲਿਹ ਗ੍ਰਿਫਤਾਰੀਅਾਂ ਹੀ ਬਣਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਇੱਕ ਕਰੀਬੀ ਨੇ ੳੁਨ੍ਹਾਂ ਨੂੰ ਦੱਸਿਆ ਕਿ ਆਸਟਰੇਲੀਆ, ਦੁਬਈ, ਅਮਰੀਕਾ ਤੋਂ ਫੋਨ ਅਤੇ ਪੈਸਾ ਆਉਣ ਦੇ ਤੱਥ ਜੋ ਪੁਲੀਸ ਨੇ ਪੇਸ਼ ਕੀਤੇ ਹਨ, ਉਨ੍ਹਾਂ ’ਚ ਬਹੁਤਾ ਦਮ ਨਹੀਂ ਜਾਪਦਾ। ੳੁਨ੍ਹਾਂ ਮੁਤਾਬਕ ੳੁਨ੍ਹਾਂ ਖੁਦ ਵਿਦੇਸ਼ ਵਿਚਲੇ ਸਬੰਧਤ ਵਿਅਕਤੀਆਂ ਨਾਲ ਗੱਲ ਕੀਤੀ ਹੈ। ਸਰਕਾਰ ਵਿਰੁਧ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਵੱਲੋਂ ਹੀ ਰੁਪਿੰਦਰ ਅਤੇ ਜਸਵਿੰਦਰ ਦੀ ਰਿਹਾਈ ਨਹੀਂ ਮੰਗੀ ਜਾ ਰਹੀ ਸਗੋਂ ਸਰਕਾਰ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੇ ਹਰਨਾਮ ਸਿੰਘ ਧੂੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਵੀ ਦੋਹਾਂ ਭਰਾਵਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਸਰਕਾਰ ਅਤੇ ਪੁਲੀਸ ਲਈ ਇਹ ਪਤਾ ਲਾੳੁਣਾ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਆਖਿਰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਕਿਸ ਦਾ ਹੱਥ ਹੈ। ਪੁਲੀਸ ਨੇ ਬੇਅਦਬੀ ਦੀਆਂ 6 ਘਟਨਾਵਾਂ ਨੂੰ ਹੱਲ ਕਰਨ ਦਾ ਦਾਅਵਾ ਤਾਂ ਕੀਤਾ ਹੈ ਪਰ ਬਰਗਾੜੀ, ਗੁਰੂਸਰ (ਬਠਿੰਡਾ) ਅਤੇ ਫਿਰੋਜ਼ਪੁਰ ਵਾਲੀਅਾਂ ਵੱਡੀਅਾ ਘਟਨਾਵਾਂ ਦੇ ਅਸਲ ਦੋਸ਼ੀਆਂ ਦੀ ਪੈੜ ਨਹੀਂ ਨੱਪੀ ਜਾ ਸਕੀ।

ਆਗੂ ਲੋਕ ਰੋਹ ਕਾਰਨ ਘਰਾਂ ’ਚ ਦੁਬਕੇ
ਸੂਬੇ ਵਿੱਚ ਅਕਾਲੀ ਆਗੂਆਂ ਨੂੰ ਅਜੇ ਵੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਪ੍ਰਣਾਲੀ ਵੀ ਸ਼ੱਕੀ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਿਰੁਧ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਮੁਤਾਬਕ ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕੀਤੇ ਬਾਰੇ ਇੱਕ ਘੰਟਾ ਪਹਿਲਾਂ ਪ੍ਰਬੰਧਕਾਂ ਨੂੰ ਜਾਣਕਾਰੀ ਮਿਲ ਗਈ ਸੀ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਹਾਲਾਤ ਨੂੰ ਸੰਭਾਲਿਆ ਨਹੀਂ, ਜਿਸ ਤੋਂ ਅਾਗੂ ਖਫ਼ਾ ਹਨ। ਅਕਾਲੀ ਹਲਕਿਆਂ ਮੁਤਾਬਕ ਜਥੇਦਾਰਾਂ ਦੀ ਛੁੱਟੀ ਤਾਂ ਤੈਅ ਮੰਨੀ ਹੀ ਜਾ ਰਹੀ ਹੈ। ਜੇ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲ ਗਈ ਤਾਂ ਮੱਕੜ ਦੀ ਕੁਰਸੀ ਵੀ ਖ਼ਤਰੇ ਵਿੱਚ ਸਮਝੋ।